ਪੱਛਮੀ ਏਸ਼ੀਆ ਵਿਚ ਜਾਰੀ ਸੰਘਰਸ਼ ਅਤੇ ਖੇਤਰੀ ਅਸਥਿਰਤਾ ਦਾ ਅਸਰ ਹੁਣ ਖਾੜੀ ਦੇ ਹੋਟਲ ਕਾਰੋਬਾਰ ’ਤੇ ਵੀ ਦਿਖਾਈ ਦੇਣ ਲੱਗ ਪਿਆ ਹੈ। ਹੋਟਲ ਕੰਪਨੀਆਂ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਅਤੇ ਮੌਜੂਦਾ ਯੋਜਨਾਵਾਂ ਨੂੰ ਅੱਗੇ ਵਧਾਉਣ ਵਿਚ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਾਵਧਾਨੀ ਵਰਤ ਰਹੀਆਂ ਹਨ। ਕਈ ਕੰਪਨੀਆਂ ਨੇ ਨਵੇਂ ਹੋਟਲ ਖੋਲ੍ਹਣ ਦੀ ਸਮਾਂ-ਹੱਦ ਅੱਗੇ ਵਧਾ ਦਿੱਤੀ ਹੈ, ਜਦਕਿ ਕੁਝ ਨੇ ਨਵੇਂ ਨਿਵੇਸ਼ ਨੂੰ ਫਿਲਹਾਲ ਟਾਲ ਦਿੱਤਾ ਹੈ। ਹਾਲਾਂਕਿ ਕੰਪਨੀਆਂ ਖਾੜੀ ਤੋਂ ਬਾਹਰ ਨਿਕਲਣ ਦੀ ਬਜਾਏ ਮੌਜੂਦਾ ਹਾਲਾਤ ਵਿਚ ਬਿਹਤਰ ਮੌਕਿਆਂ ਅਤੇ ਸਹੀ ਭਾਈਵਾਲਾਂ ਦੀ ਭਾਲ ਕਰ ਰਹੀਆਂ ਹਨ।
ਤਾਜ ਦੇ ਕਈ ਪ੍ਰਾਜੈਕਟਾਂ ’ਚ 3-6 ਮਹੀਨਿਆਂ ਦੀ ਦੇਰੀ
ਤਾਜ ਬ੍ਰਾਂਡ ਦਾ ਸੰਚਾਲਨ ਕਰਨ ਵਾਲੀ ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ (ਆਈ. ਐੱਚ. ਸੀ. ਐੱਲ.) ਨੂੰ ਸਾਊਦੀ ਅਰਬ ਅਤੇ ਬਹਿਰੀਨ ਵਿਚ ਉਸ ਦੇ ਕੁਝ ਆਗਾਮੀ ਪ੍ਰਾਜੈਕਟਾਂ ਵਿਚ ਦੇਰੀ ਦਾ ਖਦਸ਼ਾ ਹੈ। ਕੰਪਨੀ ਦੇ ਖੇਤਰੀ ਕਾਰਜਕਾਰੀ ਅਨੁਸਾਰ ਇਨ੍ਹਾਂ ਪ੍ਰਾਜੈਕਟਾਂ ਵਿਚ 3 ਤੋਂ 6 ਮਹੀਨਿਆਂ ਤੱਕ ਦੀ ਦੇਰੀ ਹੋ ਸਕਦੀ ਹੈ। ਇਸ ਦੇ ਬਾਵਜੂਦ ਕੰਪਨੀ ਓਮਾਨ, ਅਾਬੂ ਧਾਬੀ ਅਤੇ ਦੁਬਈ ਵਿਚ ਨਵੇਂ ਮੌਕਿਆਂ ਦਾ ਮੁਲਾਂਕਣ ਕਰ ਰਹੀ ਹੈ। ਆਈ. ਐੱਚ. ਸੀ. ਐੱਲ. ਦੇ ਮਿਡਲ ਈਸਟ, ਮਾਲਦੀਵਜ਼ ਐਂਡ ਸ਼੍ਰੀਲੰਕਾ ਦੇ ਉਪ-ਪ੍ਰਧਾਨ ਸੌਰਭ ਤਿਵਾਰੀ ਨੇ ਕਿਹਾ ਕਿ ਮੌਜੂਦਾ ਸੰਕਟ ਨਾਲ ਵਿਸਥਾਰ ਦੀਆਂ ਯੋਜਨਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ, ਅਜਿਹਾ ਕਹਿਣਾ ਸਹੀ ਨਹੀਂ ਹੋਵੇਗਾ। ਕੰਪਨੀ ਲਈ ਫਿਲਹਾਲ ਭਾਈਵਾਲਾਂ ਨਾਲ ਮਿਲ ਕੇ ਸਥਿਤੀ ’ਚੋਂ ਨਿਕਲਣਾ ਅਤੇ ਆਪਣੇ ਕਾਰੋਬਾਰ ਨੂੰ ਸੰਭਾਲਣਾ ਤਰਜੀਹ ਹੈ।
10 ਹੋਟਲ ਖੋਲ੍ਹਣ ਦੀ ਸੀ ਯੋਜਨਾ
ਸਾਲ ਦੀ ਸ਼ੁਰੂਆਤ ਵਿਚ ਆਈ. ਐੱਚ. ਸੀ. ਐੱਲ. ਨੇ ਅਗਲੇ 2 ਤੋਂ 3 ਸਾਲਾਂ ਵਿਚ ਖਾੜੀ ਖੇਤਰ ’ਚ ਘੱਟੋ-ਘੱਟ 10 ਹੋਟਲ ਸੰਚਾਲਿਤ ਕਰਨ ਦਾ ਟੀਚਾ ਰੱਖਿਆ ਸੀ। ਇਨ੍ਹਾਂ ਵਿਚ ਸਾਊਦੀ ਅਰਬ ਦੇ ਪਵਿੱਤਰ ਸ਼ਹਿਰ ਮੱਕਾ ਵਿਚ 2029 ਦੀ ਸ਼ੁਰੂਆਤ ਤੱਕ ਹੋਟਲ, ਰਿਆਦ ਦੇ ਨੇੜੇ ਦਿਰੀਆਹ ਵਿਚ ਇਕ ਹੋਟਲ, ਬਹਿਰੀਨ ਵਿਚ 2 ਨਵੇਂ ਹੋਟਲ ਅਤੇ ਰਾਸ ਅਲ ਖੈਮਾਹ ਅਤੇ ਦੁਬਈ ਵਿਚ ਇਕ-ਇਕ ਹੋਟਲ ਸ਼ਾਮਲ ਸਨ। ਫਿਲਹਾਲ ਕੰਪਨੀ ਖਾੜੀ ਵਿਚ ਤਿੰਨ ਹੋਟਲ ਸੰਚਾਲਿਤ ਕਰਦੀ ਹੈ ਅਤੇ ਇਹ ਸਾਰੇ ਦੁਬਈ ’ਚ ਹਨ।
ਦੁਬਈ ਆਪ੍ਰੇਸ਼ਨ ਤੋਂ ਬਾਹਰ ਨਿਕਲੀ ਲੈਮਨ ਟ੍ਰੀ
ਲੈਮਨ ਟ੍ਰੀ ਹੋਟਲਜ਼ ਕੰਪਨੀ ਕੁਝ ਮਹੀਨੇ ਪਹਿਲਾਂ ਦੁਬਈ ਵਿਚ ਆਪਣਾ ਸੰਚਾਲਨ ਬੰਦ ਕਰ ਚੁੱਕੀ ਹੈ। ਉੱਥੇ ਹੀ ਰਾਸ ਅਲ ਖੈਮਾਹ ਵਿਚ ਬਹੁ-ਅਰਬ ਡਾਲਰ ਦੀ ਲਾਗਤ ਨਾਲ ਬਣ ਰਹੇ ਵਿਆਨ ਅਲ ਮਰਜਾਨ ਕੈਸੀਨੋ ਰਿਜ਼ਾਰਟ ਦੀ ਓਪਨਿੰਗ ਸਤੰਬਰ 2027 ਤੱਕ ਟਾਲ ਦਿੱਤੀ ਗਈ ਹੈ। ਸਮਾਂ ਹੱਦ ਵਧਣ ਨਾਲ ਪ੍ਰਾਜੈਕਟ ਦੀ ਅਨੁਮਾਨਿਤ ਲਾਗਤ ਲੱਗਭਗ 60 ਕਰੋੜ ਡਾਲਰ ਵਧਣ ਦੀ ਗੱਲ ਸਾਹਮਣੇ ਆਈ ਹੈ।
ਰੈਡੀਸਨ ਵੀ ਮੰਨ ਰਿਹਾ ਅਸਰ
ਰੈਡੀਸਨ ਹੋਟਲ ਗਰੁੱਪ ਦੇ ਗਲੋਬਲ ਪ੍ਰੈਜ਼ੀਡੈਂਟ ਅਤੇ ਮੁੱਖ ਸੰਚਾਲਨ ਅਧਿਕਾਰੀ ਚੇਮਾ ਬਾਸਤੇਰੇਚੇਆ ਨੇ ਕਿਹਾ ਕਿ ਮਿਡਲ ਈਸਟ ਦੇ ਮੁੱਖ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਅਨੁਸਾਰ ਸਾਊਦੀ ਅਰਬ ’ਤੇ ਅਸਰ ਕੁਝ ਗੁਆਂਢੀ ਦੇਸ਼ਾਂ ਦੀ ਤੁਲਨਾ ਵਿਚ ਘੱਟ ਹੈ ਪਰ ਯੂ.ਏ.ਈ. ਦੇ ਮੁੱਖ ਬਾਜ਼ਾਰਾਂ ’ਤੇ ਗੰਭੀਰ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿਚ ਸਮੂਹ ਦੇ 50 ਤੋਂ ਵੱਧ ਹੋਟਲ ਹਨ ਅਤੇ ਕਈ ਹੋਰ ਪਾਈਪਲਾਈਨ ਵਿਚ ਹਨ। ਹੋਟਲ ਮਾਲਕਾਂ ਦੀਆਂ ਵਿੱਤੀ ਵਚਨਬੱਧਤਾਵਾਂ ਅਤੇ ਦੇਣਦਾਰੀਆਂ ਦੇ ਕਾਰਨ ਕੁਝ ਪ੍ਰਾਜੈਕਟਾਂ ’ਚ ਦੇਰੀ ਹੋ ਸਕਦੀ ਹੈ।
ਵਿਸਥਾਰ ਨਹੀਂ ਰੁਕਿਆ, ਕੰਪਨੀਆਂ ਹੁਣ ਜ਼ਿਆਦਾ ਚੋਣਵੀਆਂ
ਰੈੱਡਸੀਅਰ ਸਟ੍ਰੈਟੇਜੀ ਕੰਸਲਟੈਂਟਸ ਦੇ ਐਸੋਸੀਏਟ ਪਾਰਟਨਰ ਅਕਸ਼ੇ ਜੈਪ੍ਰਕਾਸ਼ਨ ਦੇ ਮੁਤਾਬਕ ਖਾੜੀ ਤੋਂ ਹੋਟਲ ਕੰਪਨੀਆਂ ਦਾ ਰੁਝਾਨ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ, ਸਗੋਂ ਵਿਸਥਾਰ ਦੀ ਰਫ਼ਤਾਰ ਵਿਚ ਬਦਲਾਅ ਆਇਆ ਹੈ। ਕੰਪਨੀਆਂ ਹੁਣ ਸਿਰਫ਼ ਹੋਟਲਾਂ ਦੀ ਗਿਣਤੀ ਵਧਾਉਣ ਦੀ ਬਜਾਏ ਪ੍ਰਾਜੈਕਟ, ਭਾਈਵਾਲ ਅਤੇ ਨਿਵੇਸ਼ ਦੇ ਸਹੀ ਸਮੇਂ ਨੂੰ ਲੈ ਕੇ ਜ਼ਿਆਦਾ ਸਾਵਧਾਨੀ ਵਰਤ ਰਹੀਆਂ ਹਨ। ਇਸ ਨਾਲ ਆਉਣ ਵਾਲੇ ਸਮੇਂ ਵਿਚ ਹੋਟਲ ਪ੍ਰਾਜੈਕਟਾਂ ਦੇ ਐਲਾਨ ਜਾਰੀ ਰਹਿ ਸਕਦੇ ਹਨ ਪਰ ਅਸਲ ਰੂਪ ਵਿਚ ਨਵੇਂ ਹੋਟਲ ਖੁੱਲ੍ਹਣ ਦੀ ਰਫ਼ਤਾਰ ਪਹਿਲਾਂ ਦੇ ਅਨੁਮਾਨ ਨਾਲੋਂ ਮੱਠੀ ਰਹਿਣ ਦੀ ਸੰਭਾਵਨਾ ਹੈ।