ਇਰਾਨ ਨੇ ਕਿਹਾ ਕਿ ਉਸ ਦੇ ਸਾਬਕਾ ਸੁਪਰੀਮ ਨੇਤਾ ਅਯਾਤੁੱਲਾ ਅਲੀ ਖਾਮੇਨੇਈ ਨੂੰ ਜੁਲਾਈ ਵਿਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਵਿਚੋਲਿਆਂ ਨੇ ਕਿਹਾ ਹੈ ਕਿ ਅਮਰੀਕਾ ਅਤੇ ਇਰਾਨ ਜੰਗ ਰੋਕਣ ਲਈ ਸਮਝੌਤੇ ਦੇ ਨੇੜੇ ਹਨ।
ਇਰਾਨ ਦੇ ਸਰਕਾਰੀ ਟੈਲੀਵਿਜ਼ਨ ਆਈ.ਆਰ.ਆਈ.ਬੀ. ਦੀ ਖ਼ਬਰ ਅਨੁਸਾਰ, ਖਾਮੇਨੇਈ ਦੇ ਜਨਾਜ਼ੇ ਦੀ ਨਮਾਜ਼ ਅਤੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੀ ਪ੍ਰਕਿਰਿਆ 4 ਤੋਂ 9 ਜੁਲਾਈ ਦੇ ਵਿਚਾਲੇ ਹੋਵੇਗੀ। 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਗਏ ਸਾਂਝੇ ਹਮਲੇ ਵਿਚ ਖਾਮੇਨੇਈ ਦੀ ਮੌਤ ਹੋ ਗਈ ਸੀ। ਬਾਅਦ 'ਚ ਉਨ੍ਹਾਂ ਦੇ ਪੁੱਤਰ ਮੋਜਤਬਾ ਅਲੀ ਖਾਮੇਨੇਈ ਨੂੰ ਸੁਪਰੀਮ ਨੇਤਾ ਐਲਾਨਿਆ ਗਿਆ।
ਖਾਮੇਨੇਈ ਦੇ ਜਨਾਜ਼ੇ ਨੂੰ ਤਹਿਰਾਨ ਤੋਂ ਕੁਮ ਲਿਜਾਇਆ ਜਾਵੇਗਾ, ਜਿੱਥੇ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣਗੇ। ਇਸ ਤੋਂ ਬਾਅਦ ਜਨਾਜ਼ੇ ਨੂੰ ਉਨ੍ਹਾਂ ਦੀ ਜਨਮ ਭੂਮੀ ਮਸ਼ਹਦ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਇਮਾਮ ਰਜ਼ਾ ਦਰਗਾਹ ਕੰਪਲੈਕਸ ਵਿਚ ਦਫ਼ਨਾਇਆ ਜਾਵੇਗਾ। ਫਰਵਰੀ ਵਿਚ ਹੋਏ ਹਮਲੇ ਵਿਚ ਮਾਰੇ ਗਏ ਖਾਮੇਨੇਈ ਦੀ ਬੇਟੀ ਅਤੇ ਜਵਾਈ ਨੂੰ ਵੀ ਉਸੇ ਦਿਨ ਦਫ਼ਨਾਇਆ ਜਾਵੇਗਾ।