ਹਰਾਰੇ (ਜ਼ਿੰਬਾਬਵੇ) : ਜ਼ਿੰਬਾਬਵੇ ਵਿੱਚ ਕਰੀਬਾ ਝੀਲ 'ਚ ਪਿਛਲੇ ਹਫ਼ਤੇ ਵਾਪਰੇ ਕਿਸ਼ਤੀ ਪਲਟਣ ਦੇ ਹਾਦਸੇ ਤੋਂ ਬਾਅਦ ਐਤਵਾਰ ਨੂੰ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਤੇਜ਼ ਲਹਿਰਾਂ ਵਿਚਕਾਰ ਕਿਸ਼ਤੀ ਪਲਟ ਗਈ ਸੀ। ਪੁਲਿਸ ਨੂੰ ਹੋਰ ਲਾਸ਼ਾਂ ਮਿਲਣ ਨਾਲ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ, ਜੋ ਕਿ ਇੱਕ ਦਿਨ ਪਹਿਲਾਂ 72 ਸੀ।
ਜ਼ਿੰਬਾਬਵੇ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਅਨੁਸਾਰ ਹਾਦਸੇ ਤੋਂ ਬਾਅਦ 77 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ। ਸ਼ੁਰੂਆਤੀ ਅਨੁਮਾਨਾਂ ਅਨੁਸਾਰ ਕਿਸ਼ਤੀ ਵਿੱਚ 153 ਯਾਤਰੀ ਸਵਾਰ ਸਨ, ਜਦੋਂ ਕਿ ਇਸ ਵਿੱਚ ਸਿਰਫ਼ 90 ਯਾਤਰੀਆਂ ਨੂੰ ਲਿਜਾਣ ਦੀ ਇਜਾਜ਼ਤ ਸੀ। ਹਾਲਾਂਕਿ, ਹਾਲ ਹੀ ਦੇ ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਸਵਾਰ ਯਾਤਰੀਆਂ ਦੀ ਅਸਲ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਪੁਲਿਸ ਨੇ ਕਿਹਾ ਕਿ ਲਾਪਤਾ ਦੱਸੇ ਗਏ ਲੋਕਾਂ ਨੂੰ ਲੱਭਣ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਲਈ ਖੋਜ ਮੁਹਿੰਮ ਅਜੇ ਵੀ ਜਾਰੀ ਹੈ।