ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਵਿਖੇ 1 ਅਗਸਤ ਤੋਂ 7 ਅਗਸਤ, 2026 ਤੱਕ ਵਿਸ਼ਵ ਬ੍ਰੈਸਟਫੀਡਿੰਗ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸਿਹਤ ਵਿਭਾਗ, ਮੁਜ਼ੱਫਰਪੁਰ ਦੀਆਂ ਟੀਮਾਂ ਵੱਲੋਂ ਬਲਾਕ ਵਿਚ ਜਾਗਰੂਕਤਾ ਸੈਸ਼ਨ, ਕੌਂਸਲਿੰਗ, ਆਈ.ਈ.ਸੀ. ਸਮੱਗਰੀ ਦੀ ਵੰਡ ਅਤੇ ਮਾਵਾਂ ਨਾਲ ਸੰਵਾਦ ਰਾਹੀਂ ਮਾਂ ਦਾ ਦੁੱਧ ਪਿਲਾਉਣ ਸਬੰਧੀ ਭਰਮ ਦੂਰ ਕੀਤੇ ਜਾ ਰਹੇ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਨੇ ਆਪਣੇ ਸੰਦੇਸ਼ ਵਿਚ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਪਹਿਲਾ, ਸੰਪੂਰਨ ਅਤੇ ਕੁਦਰਤੀ ਆਹਾਰ ਹੈ। ਜਨਮ ਤੋਂ ਤੁਰੰਤ ਬਾਅਦ ਬੱਚੇ ਨੂੰ ਮਾਂ ਦਾ ਪਹਿਲਾ ਗਾੜ੍ਹਾ ਪੀਲਾ ਦੁੱਧ (ਕੋਲੋਸਟ੍ਰਮ) ਜ਼ਰੂਰ ਪਿਲਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਬੱਚੇ ਦੀ ਰੋਗ-ਰੋਕੂ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਈ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਜਨਮ ਤੋਂ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ। ਛੇ ਮਹੀਨੇ ਬਾਅਦ ਪੂਰਕ ਆਹਾਰ ਸ਼ੁਰੂ ਕਰਦੇ ਹੋਏ ਦੋ ਸਾਲ ਤੱਕ ਮਾਂ ਦਾ ਦੁੱਧ ਜਾਰੀ ਰੱਖਣਾ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਲਾਭਕਾਰੀ ਹੈ। ਡਾ. ਸਤਿੰਦਰਜੀਤ ਕੌਰ ਨੇ ਕਿਹਾ ਕਿ ਮਾਂ ਦਾ ਦੁੱਧ ਨਾ ਸਿਰਫ਼ ਬੱਚੇ ਲਈ, ਸਗੋਂ ਮਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਮਾਂ ਅਤੇ ਬੱਚੇ ਵਿਚਕਾਰ ਭਾਵਨਾਤਮਕ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਈ ਸਿਹਤ ਸੰਬੰਧੀ ਜਟਿਲਤਾਵਾਂ ਦੇ ਖਤਰੇ ਨੂੰ ਘਟਾਉਣ ਵਿੱਚ ਸਹਾਇਕ ਹੈ।
ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਮਾਂ ਦੇ ਦੁੱਧ ਦੇ ਮਹੱਤਵ ਨੂੰ ਸਮਝਣ ਅਤੇ ਹੋਰਨਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਅੰਤ ਵਿੱਚ ਡਾ. ਸਤਿੰਦਰਜੀਤ ਕੌਰ ਨੇ ਕਿਹਾ ਕਿ "ਮਾਂ ਦਾ ਦੁੱਧ ਹਰ ਬੱਚੇ ਦਾ ਜਨਮਸਿੱਧ ਅਧਿਕਾਰ ਹੈ ਅਤੇ ਇਸ ਨੂੰ ਉਤਸ਼ਾਹਿਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।"