ਚੰਡੀਗੜ੍ਹ : ਚੰਡੀਗੜ੍ਹ 'ਚ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ (ਐੱਸ. ਆਈ. ਆਰ.) ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫਾਈਨਲ ਫੋਟੋ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਵਾਰ ਸ਼ਹਿਰ 'ਚ ਕੁੱਲ ਵੋਟਰਾਂ ਦੀ ਗਿਣਤੀ 4,60,209 ਹੋ ਗਈ ਹੈ। ਇਨ੍ਹਾਂ ਵਿੱਚ 2,34,516 ਪੁਰਸ਼, 2,25,671 ਔਰਤਾਂ ਅਤੇ 22 ਥਰਡ ਜੈਂਡਰ ਵੋਟਰ ਸ਼ਾਮਲ ਹਨ। ਭਾਰਤ ਚੋਣ ਕਮਿਸ਼ਨ ਦੀਆਂ 14 ਮਈ 2026 ਦੀਆਂ ਹਦਾਇਤਾਂ ਤਹਿਤ ਚੰਡੀਗੜ੍ਹ ਉਨ੍ਹਾਂ 16 ਸੂਬਿਆਂ ਅਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਸ਼ਾਮਲ ਹੈ, ਜਿੱਥੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦੇ ਤੀਜੇ ਪੜਾਅ ਤਹਿਤ ਵੋਟਰ ਸੂਚੀ ਦੀ ਸੁਧਾਈ ਕੀਤੀ ਗਈ। ਚੰਡੀਗੜ੍ਹ ਦੀ ਮੁੱਖ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਅੰਤਿਮ ਸੂਚੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਬੂਥ ਲੈਵਲ ਅਫ਼ਸਰਾਂ ਦੇ ਦਫ਼ਤਰਾਂ ਤੋਂ ਇਲਾਵਾ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਉਪਲੱਬਧ ਕਰਵਾ ਦਿੱਤੀ ਗਈ ਹੈ।
5.16 ਲੱਖ ਤੋਂ ਘਟ ਕੇ 4.50 ਲੱਖ ਹੋਈ ਡਰਾਫਟ ਸੂਚੀ
ਵੋਟਰ ਸੂਚੀ ਦੀ ਸੁਧਾਈ ਦਾ ਕੰਮ 5 ਜੂਨ 2026 ਨੂੰ ਸ਼ੁਰੂ ਹੋਇਆ ਸੀ। ਐਨਿਊਮਰੇਸ਼ਨ ਪ੍ਰਕਿਰਿਆ ਤੋਂ ਪਹਿਲਾਂ 15 ਜੁਲਾਈ ਤੱਕ ਚੰਡੀਗੜ੍ਹ 'ਚ 5,16,427 ਵੋਟਰ ਦਰਜ ਸਨ। ਇਨ੍ਹਾਂ ਲਈ ਫਾਰਮ ਛਾਪ ਕੇ ਬੀ. ਐੱਲ. ਓਜ਼. ਰਾਹੀਂ ਵੰਡੇ ਗਏ। ਇਸ ਦੌਰਾਨ 4,50,282 ਫਾਰਮ ਵਾਪਸ ਪ੍ਰਾਪਤ ਹੋਏ, ਜਦੋਂ ਕਿ 66,145 ਵੋਟਰਾਂ ਦੇ ਫਾਰਮ ਵਾਪਸ ਨਹੀਂ ਆਏ। ਇਨ੍ਹਾਂ ਵੋਟਰਾਂ ਨੂੰ ਡਰਾਫਟ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ। ਫਾਰਮ ਵਾਪਸ ਨਾ ਆਉਣ ਵਾਲਿਆਂ ਵਿੱਚ 12,567 ਗੈਰ-ਹਾਜ਼ਰ, 43,725 ਸ਼ਿਫਟ ਹੋਏ, 3,535 ਮ੍ਰਿਤਕ, 2,590 ਡੁਪਲੀਕੇਟ ਅਤੇ 3,728 ਹੋਰ ਕਾਰਨਾਂ ਵਾਲੇ ਵੋਟਰ ਸ਼ਾਮਲ ਸਨ। ਇਸ ਤੋਂ ਬਾਅਦ 21 ਜੁਲਾਈ ਨੂੰ ਜਾਰੀ ਡਰਾਫਟ ਵੋਟਰ ਸੂਚੀ ਵਿੱਚ ਕੁੱਲ 4,50,282 ਵੋਟਰ ਰਹਿ ਗਏ। ਡਰਾਫਟ ਸੂਚੀ ਵਿੱਚ ਸ਼ਾਮਲ ਵੋਟਰਾਂ ਵਿੱਚੋਂ 3,80,821 ਦੀ ਮੈਪਿੰਗ ਹੋ ਚੁੱਕੀ ਸੀ, ਜਦਕਿ 69,461 ਵੋਟਰ ਅਨਮੈਪਡ ਸਨ। ਮੈਪ ਕੀਤੇ ਵੋਟਰਾਂ ਵਿੱਚ 1,67,406 ਸੈਲਫ-ਮੈਪਡ ਅਤੇ 2,13,415 ਪ੍ਰੋਜੈਨੀ-ਮੈਪਡ ਵੋਟਰ ਸਨ।
1.38 ਲੱਖ ਵੋਟਰਾਂ ਨੂੰ ਨੋਟਿਸ, 4,644 ਅਯੋਗ ਕਰਾਰ
ਸੁਧਾਈ ਦੇ ਅਗਲੇ ਪੜਾਅ ਦੌਰਾਨ 21 ਜੁਲਾਈ ਤੋਂ 18 ਸਤੰਬਰ ਤੱਕ ਕੁੱਲ 1,38,000 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ। ਇਨ੍ਹਾਂ ਵਿੱਚ 69,500 ਅਨਮੈਪਡ ਅਤੇ 68,700 ਤਰਕਸੰਗਤ ਖਾਮੀਆਂ ਵਾਲੇ ਵੋਟਰ ਸ਼ਾਮਲ ਸਨ। ਨੋਟਿਸਾਂ ਤੋਂ ਬਾਅਦ ਸੁਣਵਾਈ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ। ਇਸ ਪ੍ਰਕਿਰਿਆ ਮਗਰੋਂ ਸਪੀਕਿੰਗ ਆਰਡਰ ਜਾਰੀ ਕਰਦਿਆਂ 4,644 ਵੋਟਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ। ਇਸ ਦੇ ਨਾਲ ਹੀ 21 ਜੁਲਾਈ ਤੋਂ 20 ਅਗਸਤ ਤੱਕ ਵੋਟਰਾਂ ਵੱਲੋਂ 17,891 ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਗਏ, ਜਿਨ੍ਹਾਂ ਦਾ ਵੀ ਨਿਪਟਾਰਾ ਕੀਤਾ ਗਿਆ।
15,117 ਨਵੇਂ ਨਾਂ ਜੁੜੇ, 5,190 ਕੱਟੇ
ਪੂਰੀ ਸੁਧਾਈ ਪ੍ਰਕਿਰਿਆ ਅਤੇ ਦਾਅਵਿਆਂ-ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ ਅੰਤਿਮ ਸੂਚੀ ਵਿੱਚ 15,117 ਨਵੇਂ ਵੋਟਰਾਂ ਦੇ ਨਾਂ ਸ਼ਾਮਲ ਕੀਤੇ ਗਏ, ਜਦਕਿ 5,190 ਵੋਟਰਾਂ ਦੇ ਨਾਂ ਕੱਟੇ ਗਏ। ਇਸ ਤਰ੍ਹਾਂ ਅੰਤਿਮ ਸੂਚੀ ਵਿੱਚ 9,927 ਵੋਟਰਾਂ ਦਾ ਸ਼ੁੱਧ ਵਾਧਾ ਹੋਇਆ ਅਤੇ ਕੁੱਲ ਗਿਣਤੀ 4,60,209 ਤੱਕ ਪਹੁੰਚ ਗਈ। ਇਸ ਤੋਂ ਇਲਾਵਾ 1 ਜੁਲਾਈ 2026 ਨੂੰ ਆਧਾਰ ਮਿਤੀ ਮੰਨਦਿਆਂ 709 ਸਰਵਿਸ ਵੋਟਰਾਂ ਦੀ ਅੰਤਿਮ ਸੂਚੀ ਵੀ ਜਾਰੀ ਕੀਤੀ ਗਈ ਹੈ। ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਅੰਤਿਮ ਫੋਟੋ ਵੋਟਰ ਸੂਚੀ ਦੀਆਂ ਹਾਰਡ ਅਤੇ ਸਾਫਟ ਕਾਪੀਆਂ ਵੀ ਸੌਂਪ ਦਿੱਤੀਆਂ ਗਈਆਂ ਹਨ। ਚੋਣ ਵਿਭਾਗ ਅਨੁਸਾਰ ਵੋਟਰ ਸੂਚੀ ਵਿੱਚ ਨਵਾਂ ਨਾਂ ਦਰਜ ਕਰਵਾਉਣ, ਵੇਰਵਿਆਂ ਵਿੱਚ ਸੋਧ ਕਰਨ ਜਾਂ ਨਾਂ ਕਟਵਾਉਣ ਲਈ ਫਾਰਮ 6, 8 ਅਤੇ 7 ਰਾਹੀਂ ਆਨਲਾਈਨ ਜਾਂ ਆਫਲਾਈਨ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ-ਫ੍ਰੀ ਵੋਟਰ ਹੈਲਪਲਾਈਨ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਵਿਭਾਗ ਨੇ ਕਿਹਾ ਕਿ ਵੋਟਰ ਸੂਚੀ ਦੀ ਇਹ ਪੂਰੀ ਪ੍ਰਕਿਰਿਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਪੂਰੀ ਕੀਤੀ ਗਈ ਹੈ, ਤਾਂ ਜੋ ਯੋਗ ਵੋਟਰ ਸੂਚੀ ਵਿੱਚ ਸ਼ਾਮਲ ਰਹਿਣ ਅਤੇ ਅਯੋਗ ਵੋਟਰਾਂ ਨੂੰ ਹਟਾਇਆ ਜਾ ਸਕੇ।