ਲਖਨਊ : ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕਿਹਾ ਹੈ ਕਿ ਘਰ ਛੱਡਣ ਦੇ ਆਧਾਰ ’ਤੇ ਹੋਏ ਤਲਾਕ ਦੇ ਬਾਵਜੂਦ ਔਰਤ ਆਪਣੇ ਸਾਬਕਾ ਪਤੀ ਤੋਂ ਗੁਜ਼ਾਰਾ ਭੱਤਾ ਮੰਗ ਸਕਦੀ ਹੈ। ਬਸ਼ਰਤੇ ਉਸ ਨੇ ਦੂਜਾ ਵਿਆਹ ਨਾ ਕਰਵਾਇਆ ਹੋਵੇ ਅਤੇ ਉਹ ਆਪਣਾ ਖਰਚਾ ਚੁੱਕਣ ਵਿਚ ਅਸਮਰੱਥ ਹੋਵੇ। ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਸੁਨੀਤਾ ਦੀ ਅਪਰਾਧਿਕ ਸੋਧ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਸੁਲਤਾਨਪੁਰ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿਚ ਉਸ ਦਾ ਗੁਜ਼ਾਰਾ ਭੱਤੇ ਦਾ ਦਾਅਵਾ ਖਾਰਜ ਕਰ ਦਿੱਤਾ ਗਿਆ ਸੀ। ਸੁਨੀਤਾ ਨੇ 2009 ਵਿਚ ਅਪਰਾਧਿਕ ਪ੍ਰਕਿਰਿਆ ਕੋਡ ਦੀ ਧਾਰਾ 125 ਤਹਿਤ ਗੁਜ਼ਾਰਾ ਭੱਤਾ ਮੰਗਿਆ ਸੀ।
ਅਦਾਲਤ ਨੇ ਕਿਹਾ ਕਿ ਧਾਰਾ 125 ਦੇ ਸੀਮਤ ਮਕਸਦ ਲਈ ਤਲਾਕਸ਼ੁਦਾ ਔਰਤ ਨੂੰ ‘ਪਤਨੀ’ ਮੰਨਿਆ ਜਾਂਦਾ ਹੈ। ਸਿਰਫ਼ ਇਸ ਆਧਾਰ ’ਤੇ ਕਿ ਤਲਾਕ ਘਰ ਛੱਡਣ ਕਾਰਨ ਹੋਇਆ ਸੀ, ਉਸ ਦਾ ਗੁਜ਼ਾਰਾ ਭੱਤੇ ਦਾ ਦਾਅਵਾ ਖਾਰਜ ਨਹੀਂ ਕੀਤਾ ਜਾ ਸਕਦਾ। ਮਾਮਲੇ ਵਿਚ ਪਤੀ ਨੇ 25 ਸਤੰਬਰ, 2014 ਨੂੰ ਘਰ ਛੱਡਣ ਦੇ ਆਧਾਰ ’ਤੇ ਇਕਤਰਫ਼ਾ ਤਲਾਕ ਹਾਸਲ ਕੀਤਾ ਸੀ। ਅਦਾਲਤ ਸਾਹਮਣੇ ਅਜਿਹੇ ਸਬੂਤ ਵੀ ਆਏ ਕਿ ਉਸ ਨੇ ਬਾਅਦ ਵਿਚ ਦੂਜਾ ਵਿਆਹ ਕਰ ਲਿਆ ਸੀ ਅਤੇ ਉਸ ਦੇ ਸਰਵਿਸ ਰਿਕਾਰਡ ਵਿਚ ਦੂਜੀ ਔਰਤ ਦਾ ਨਾਂ ਪਤਨੀ ਵਜੋਂ ਦਰਜ ਸੀ। ਹਾਈ ਕੋਰਟ ਨੇ ਪਰਿਵਾਰਕ ਅਦਾਲਤ ਨੂੰ 25 ਸਤੰਬਰ, 2014 ਤੋਂ ਸੁਨੀਤਾ ਦੇ ਗੁਜ਼ਾਰੇ ਭੱਤੇ ਦੇ ਦਾਅਵੇ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦਾ ਹੁਕਮ ਦਿੱਤਾ। ਉਦੋਂ ਤੱਕ ਪਤੀ ਨੂੰ ਅੰਤਰਿਮ ਗੁਜ਼ਾਰਾ ਭੱਤੇ ਵਜੋਂ ਹਰ ਮਹੀਨੇ 4000 ਰੁਪਏ ਦੇਣ ਦਾ ਹੁਕਮ ਦਿੱਤਾ ਗਿਆ।