ਕੋਲੰਬੋ : ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਮੰਗਲਵਾਰ ਨੂੰ ਈਸਟਰ ਸੰਡੇ ਹਮਲਿਆਂ ਦੇ ਸਬੰਧ ਵਿੱਚ ਆਪਣੀ ਗ੍ਰਿਫਤਾਰੀ ਨੂੰ ਰੋਕਣ ਲਈ ਅਦਾਲਤ 'ਚ ਇੱਕ ਪਟੀਸ਼ਨ ਦਾਇਰ ਕੀਤੀ ਹੈ।
21 ਅਪ੍ਰੈਲ 2019 ਨੂੰ, ਇੱਕ ਮਹਿਲਾ ਸਮੇਤ ਨੌਂ ਆਤਮਘਾਤੀ ਹਮਲਾਵਰਾਂ ਨੇ ਤਿੰਨ ਚਰਚਾਂ ਅਤੇ ਤਿੰਨ ਆਲੀਸ਼ਾਨ ਹੋਟਲਾਂ ਵਿੱਚ ਭਿਆਨਕ ਧਮਾਕੇ ਕੀਤੇ ਸਨ, ਜਿਸ ਵਿੱਚ 270 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿੱਚ 44 ਵਿਦੇਸ਼ੀ ਸ਼ਾਮਲ ਸਨ, ਜਿਨ੍ਹਾਂ ਵਿੱਚੋਂ 11 ਭਾਰਤੀ ਸਨ ਅਤੇ ਇਸ ਹਾਦਸੇ ਵਿੱਚ 500 ਤੋਂ ਵੱਧ ਲੋਕ ਜ਼ਖਮੀ ਹੋਏ ਸਨ। 77 ਸਾਲਾ ਰਾਜਪਕਸ਼ੇ ਨੇ ਅਪੀਲੀ ਅਦਾਲਤ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਪੁਲਸ ਮੁਖੀ ਅਤੇ ਅਪਰਾਧਿਕ ਜਾਂਚ ਵਿਭਾਗ (CID) ਦੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਗਿਆ ਹੈ।
ਰਾਜਪਕਸ਼ੇ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਅੱਤਵਾਦ ਰੋਕੂ ਕਾਨੂੰਨ (PTA) ਦੇ ਤਹਿਤ ਗ੍ਰਿਫਤਾਰ ਕੀਤੇ ਜਾਣ ਦੀ ਸੰਭਾਵਨਾ ਹੈ। ਸਾਬਕਾ ਖੁਫੀਆ ਮੁਖੀ ਸੁਰੇਸ਼ ਸੱਲੇ ਦੀ ਗ੍ਰਿਫਤਾਰੀ ਤੋਂ ਬਾਅਦ, ਮਾਰਚ ਵਿੱਚ ਅਦਾਲਤ ਨੇ ਰਾਜਪਕਸ਼ੇ ਦੇ ਵਿਦੇਸ਼ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਰਾਜਪਕਸ਼ੇ 2019 ਤੋਂ 2022 ਦੇ ਅੱਧ ਤੱਕ ਦੇਸ਼ ਦੇ ਰਾਸ਼ਟਰਪਤੀ ਰਹੇ ਸਨ। ਸੱਲੇ ਫਰਵਰੀ ਤੋਂ ਹਿਰਾਸਤ ਵਿੱਚ ਹੈ ਅਤੇ ਉਸ 'ਤੇ ਦੋਸ਼ ਹੈ ਕਿ ਉਸਨੇ 2019 ਵਿੱਚ ਰਾਜਪਕਸ਼ੇ ਨੂੰ ਚੋਣ ਜਿਤਾਉਣ ਲਈ ਨੈਸ਼ਨਲ ਤੌਹੀਦ ਜਮਾਤ (NTJ) ਨਾਲ ਮਿਲ ਕੇ ਇਹਨਾਂ ਹਮਲਿਆਂ ਦੀ ਸਾਜ਼ਿਸ਼ ਰਚੀ ਸੀ।
ਜ਼ਿਕਰਯੋਗ ਹੈ ਕਿ ਰਾਜਪਕਸ਼ੇ ਨੇ 2020 ਵਿੱਚ ਸੱਲੇ ਨੂੰ ਰਾਜ ਦੀ ਖੁਫੀਆ ਇਕਾਈ ਦਾ ਮੁਖੀ ਨਿਯੁਕਤ ਕੀਤਾ ਸੀ। ਹਾਲਾਂਕਿ ਇਸਲਾਮਿਕ ਸਟੇਟ (IS) ਨੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ, ਪਰ ਸਰਕਾਰ ਨੇ ਸਥਾਨਕ ਕੱਟੜਪੰਥੀ ਸਮੂਹ NTJ ਨੂੰ ਦੋਸ਼ੀ ਠਹਿਰਾਇਆ ਸੀ।