ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਦਿੱਲੀ ਪੁਲਸ ਹੈੱਡਕੁਆਰਟਰ ਵਿਚ ਸੀਨੀਅਰ ਅਧਿਕਾਰੀਆਂ ਨਾਲ ਕਰੀਬ 3 ਘੰਟੇ ਤੱਕ ਉੱਚ-ਪੱਧਰੀ ਮੀਟਿੰਗ ਕਰ ਕੇ ਰਾਜਧਾਨੀ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੀ ਸਮੀਖਿਆ ਕੀਤੀ। ਇਸ ਦੌਰਾਨ ਪਿਛਲੇ 5 ਸਾਲਾਂ ਵਿਚ ਦਿੱਲੀ ਪੁਲਸ ਦੀ ਕਾਰਜਪ੍ਰਣਾਲੀ ਦੇ ਨਾਲ ਬੀਤੇ 5 ਮਹੀਨਿਆਂ ਵਿਚ ਜੰਤਰ-ਮੰਤਰ ਸਮੇਤ ਰਾਜਧਾਨੀ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ ਪ੍ਰਦਰਸ਼ਨਾਂ ਨਾਲ ਨਜਿੱਠਣ ਦੀ ਰਣਨੀਤੀ ’ਤੇ ਵਿਸ਼ੇਸ਼ ਤੌਰ ’ਤੇ ਚਰਚਾ ਕੀਤੀ ਗਈ। ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਪ੍ਰਦਰਸ਼ਨ ਦੌਰਾਨ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰਏਸ਼ਾਨੀ ਨਹੀਂ ਹੋਣੀ ਚਾਹੀਦੀ।
ਸੂਤਰਾਂ ਮੁਤਾਬਕ ਪ੍ਰਦਰਸ਼ਨਾਂ ਦੌਰਾਨ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਆਮ ਲੋਕਾਂ ਦੇ ਜਨਜੀਵਨ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਦਿੱਲੀ ਪੁਲਸ ਵੱਲੋਂ ਕੀਤੇ ਗਏ ਯਤਨਾਂ ’ਤੇ ਗ੍ਰਹਿ ਮੰਤਰੀ ਨੇ ਸੰਤੁਸ਼ਟੀ ਪ੍ਰਗਟਾਈ। ਆਵਾਜਾਈ ਵਿਵਸਥਾ ਨੂੰ ਸੁਚਾਰੂ ਬਣਾਏ ਰੱਖਣ ਅਤੇ ਵਿਰੋਧ-ਪ੍ਰਦਰਸ਼ਨਾਂ ਵਿਚਾਲੇ ਰਾਜਧਾਨੀ ਵਿਚ ਆਮ ਗਤੀਵਿਧੀਆਂ ਜਾਰੀ ਰੱਖਣ ਲਈ ਅਪਣਾਈ ਗਈ ਰਣਨੀਤੀ ਦੀ ਵੀ ਸਮੀਖਿਆ ਕੀਤੀ ਗਈ। ਗ੍ਰਹਿ ਮੰਤਰੀ ਨੇ ਪੁਲਸ ਕਰਮਚਾਰੀਆਂ ਦਾ ਉਤਸ਼ਾਹ ਵਧਾਉਂਦਿਆਂ ਭਵਿੱਖ ਵਿਚ ਵੀ ਅਜਿਹੀਆਂ ਸਥਿਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿਆਰ ਰਹਿਣ ’ਤੇ ਜ਼ੋਰ ਦਿੱਤਾ।
4 ਸਾਲ ਬਾਅਦ ਪੁਲਸ ਹੈੱਡਕੁਆਰਟਰ ਪਹੁੰਚੇ ਗ੍ਰਹਿ ਮੰਤਰੀ
ਅਮਿਤ ਸ਼ਾਹ 4 ਸਾਲਾਂ ਬਾਅਦ ਦਿੱਲੀ ਪੁਲਸ ਹੈੱਡਕੁਆਰਟਰ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ 30 ਅਗਸਤ, 2022 ਨੂੰ ਇੱਥੇ ਆਏ ਸਨ। ਸ਼ਨੀਵਾਰ ਨੂੰ ਹੋਏ ਇਸ ਦੌਰੇ ਦੌਰਾਨ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੁਲਸ ਫੋਰਸ ਦੇ ਕੰਮਕਾਜ, ਮੌਜੂਦਾ ਚੁਣੌਤੀਆਂ ਅਤੇ ਰਾਜਧਾਨੀ ਵਿਚ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ।