ਜਲੰਧਰ : ਜਲੰਧਰ ਵਿਖੇ ਦਿਹਾਤੀ ਇਲਾਕੇ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਮੇਨ ਚੌਕ ਨੇੜੇ ਇਹ ਹਾਦਸਾ ਵਾਪਰਿਆ। ਇਕ ਕਾਰ ਹਾਈਵੇਅ ਦੀ ਰੇਲਿੰਗ ਤੋੜਦੀ ਹੋਈ ਕਰੀਬ 25 ਫੁੱਟ ਉੱਚੇ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸੇ ਦੌਰਾਨ ਕਾਰ ਪਲਟਦੇ ਹੋਏ ਬੁਰੀ ਤਰ੍ਹਾਂ ਨੁਕਸਾਨੀ ਗਈ।
ਘਟਨਾ ਦੀ ਸੂਚਨਾ ਲੋਕਾਂ ਵੱਲੋਂ ਪੁਲਸ ਨੂੰ ਦਿੱਤੀ ਗਈ। ਸੜਕ ਸੁਰੱਖਿਆ ਫੋਰਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਰਾਹਗੀਰ ਤੋਂ ਸੂਚਨਾ ਮਿਲੀ ਕਿ ਗੋਰਾਇਆ ਦੇ ਮੁੱਖ ਚੌਕ ਨੇੜੇ ਇਕ ਪੁਲ ਤੋਂ ਇਕ ਕਾਰ ਡਿੱਗ ਗਈ ਹੈ।
ਉਨ੍ਹਾਂ ਕਿਹਾ ਕਿ ਕਾਰ ਸਵਾਰ ਕਪੂਰਥਲਾ ਦੇ ਭੁਲੱਥ ਤੋਂ ਲੁਧਿਆਣਾ ਜਾ ਰਹੇ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ ਕਾਰ ਚਲਾ ਰਹੇ ਬਜ਼ੁਰਗ ਵਿਅਕਤੀ ਨੂੰ ਅਚਾਨਕ ਚੱਕਰ ਆਉਣੇ ਸ਼ੁਰੂ ਹੋ ਗਏ, ਜਿਸ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਹਾਈਵੇਅ ਦੀ ਰੇਲਿੰਗ ਤੋੜਦੇ ਹੋਏ ਪੁਲ ਤੋਂ ਡਿੱਗ ਗਈ। ਬਜ਼ੁਰਗ ਵਿਅਕਤੀ ਸਮੇਤ ਪਰਿਵਾਰ ਦੇ ਦੋ ਹੋਰ ਮੈਂਬਰ ਵੀ ਕਾਰ 'ਚ ਸਨ। ਹਾਦਸੇ ਵਿੱਚ ਕਾਰ ਸਵਾਰ ਜ਼ਖ਼ਮੀ ਹੋ ਗਏ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਨੁਕਸਾਨੀ ਗਈ ਕਾਰ ਨੂੰ ਸੜਕ ਦੇ ਕਿਨਾਰੇ ਖਿੱਚ ਕੇ ਆਵਾਜਾਈ ਬਹਾਲ ਕੀਤੀ ਗਈ। ਗੋਰਾਇਆ ਪੁਲਸ ਸਟੇਸ਼ਨ ਨੂੰ ਵੀ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।