ਲਾਸ ਏਂਜਲਸ : ਮਸ਼ਹੂਰ ਗਲੋਬਲ ਪੌਪ ਸਟਾਰ ਕੈਟੀ ਪੇਰੀ ਨੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਪਣੇ ਰਿਸ਼ਤੇ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਨੂੰ ਆਪਣੀ "ਜ਼ਿੰਦਗੀ ਦਾ ਸੱਚਾ ਪਿਆਰ" ਦੱਸਿਆ ਹੈ। ਗਾਇਕਾ ਨੇ ਪਹਿਲਾਂ ਰਸੇਲ ਬ੍ਰਾਂਡ ਨਾਲ ਵਿਆਹ ਕੀਤਾ ਸੀ ਅਤੇ ਬਾਅਦ ਵਿਚ ਉਹ ਮਸ਼ਹੂਰ ਅਦਾਕਾਰ ਆਰਲੈਂਡੋ ਬਲੂਮ ਨਾਲ ਰਿਲੇਸ਼ਨਸ਼ਿਪ ਵਿੱਚ ਸੀ, ਜਿਸ ਤੋਂ ਉਨ੍ਹਾਂ ਦੀ 5 ਸਾਲ ਦੀ ਧੀ ਡੇਜ਼ੀ ਹੈ।
41 ਸਾਲਾ ਕੈਟੀ ਪੇਰੀ ਤੇ 54 ਸਾਲਾ ਜਸਟਿਨ ਟਰੂਡੋ ਨਾਲ ਨਿਊਯਾਰਕ ਸਿਟੀ ਵਿੱਚ 'Katy Perry: The Lifetimes Tour' ਕੰਸਰਟ ਫ਼ਿਲਮ ਦੇ ਪ੍ਰੀਮੀਅਰ ਦੌਰਾਨ ਇੱਕਜੁੱਟ ਹੋ ਕੇ ਰੈੱਡ ਕਾਰਪੇਟ 'ਤੇ ਡੈਬਿਊ ਕੀਤਾ। ਸਕ੍ਰੀਨਿੰਗ ਤੋਂ ਬਾਅਦ ਇੱਕ ਗੱਲਬਾਤ ਦੌਰਾਨ ਪੇਰੀ ਨੇ ਕਿਹਾ, "ਮੈਂ ਬਹੁਤ ਜ਼ਿਆਦਾ ਪਿਆਰ ਵਿੱਚ ਹਾਂ। ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਖ਼ਾਸ ਇਨਸਾਨ ਨੂੰ ਮਿਲ ਚੁੱਕੀ ਹਾਂ। ਮੈਂ ਇੱਕ ਰੇਨਬੋ ਪਤੰਗ ਵਰਗੀ ਹਾਂ ਜੋ ਅਸਮਾਨ ਵਿੱਚ ਬਹੁਤ ਉੱਚੀ ਉੱਡਦੀ ਹੈ, ਪਰ ਕਈ ਵਾਰ ਮੈਨੂੰ ਜ਼ਮੀਨ ਨਾਲ ਜੁੜੇ ਰਹਿਣ ਦੀ ਲੋੜ ਹੁੰਦੀ ਹੈ। ਜਸਟਿਨ ਨੇ ਮੈਨੂੰ ਉਹ ਸਥਿਰਤਾ ਦਿੱਤੀ ਹੈ ਜਿਸ ਨਾਲ ਮੈਂ ਖ਼ੁਦ ਨੂੰ ਪੂਰਾ ਮਹਿਸੂਸ ਕਰਦੀ ਹਾਂ।"
ਉਨ੍ਹਾਂ ਅੱਗੇ ਕਿਹਾ, 'ਹਰ ਦਿਨ ਇਕ ਸ਼ਾਨਦਾਰ ਸਫਰ ਹੈ ਅਤੇ ਹਰ ਦਿਨ ਅੱਗੇ ਵਧਣ, ਬਿਹਤਰ ਇਨਸਾਨ ਬਣਨ, ਸਹੀ ਕੰਮ ਕਰਨ ਅਤੇ ਆਪਣੇ ਭਾਈਚਾਰੇ, ਆਪਣੇ ਪਰਿਵਾਰ ਅਤੇ ਆਪਣੀ ਦੁਨੀਆ ਲਈ ਮਿਸਾਲ ਬਣਨ ਦਾ ਮੌਕਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਕਈ ਪਹਿਲੂਆਂ ਵਿਚ ਹੁਣ ਜ਼ਿਆਦਾ ਜ਼ਮੀਨ ਨਾਲ ਜੁੜੀ ਇਨਸਾਨ ਹਾਂ।'
ਪੇਰੀ ਨੇ ਦੱਸਿਆ ਕਿ ਸਾਲ 2025 (ਜਦੋਂ ਓਰਲੈਂਡੋ ਨਾਲ ਉਨ੍ਹਾਂ ਦੀ ਮੰਗਣੀ ਟੁੱਟ ਗਈ ਸੀ) ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਇੱਕ ਸੀ। ਉਨ੍ਹਾਂ ਕਿਹਾ, ਮੈਂ ਬਹੁਤ ਕੁੱਝ ਝੱਲਿਆ ਅਤੇ ਅਜਿਹੇ ਦਿਨ ਵੀ ਸਨ ਜੋ ਸਚਮੁਚ ਬਹੁਤ ਮੁਸ਼ਕਲ ਸਨ ਅਤੇ ਮੈਂ ਬੱਸ ਅੱਗੇ ਵਧਦੀ ਰਹੀ, ਕਿਉਂਕਿ ਮੈਂ ਪ੍ਰਸ਼ੰਸਕਾਂ ਨਾਲ ਵਾਅਦਾ ਕੀਤਾ ਸੀ। ਮੈਂ ਆਪਣੀ ਧੀ ਨਾਲ ਵਾਅਦਾ ਕੀਤਾ ਸੀ। ਮੈਂ ਖੁਦ ਨਾਲ ਵਾਅਦਾ ਕੀਤਾ ਸੀ ਅਤੇ ਮੈਂ ਇਸ ਤੋਂ ਉਭਰ ਗਈ।
ਆਪਣੀ ਉਮਰ ਦੇ 40ਵੇਂ ਪੜਾਅ ਬਾਰੇ ਗੱਲ ਕਰਦਿਆਂ ਕੈਟੀ ਨੇ ਕਿਹਾ ਕਿ ਹੁਣ ਉਹ ਜ਼ਿੰਦਗੀ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਦੀ ਹੈ। ਉਨ੍ਹਾਂ ਕਿਹਾ, "ਤੁਹਾਡੀ 20 ਸਾਲ ਦੀ ਉਮਰ ਇਮੋਸ਼ਨਜ਼ ਨੂੰ ਫੀਲ ਕਰਨ ਲਈ ਹੁੰਦੀ ਹੈ, 30 ਸਾਲ ਦੀ ਉਮਰ ਉਨ੍ਹਾਂ ਨੂੰ ਸਮਝਣ ਲਈ ਹੁੰਦੀ ਹੈ, ਪਰ 40 ਸਾਲ ਦੀ ਉਮਰ ਵਿੱਚ ਤੁਸੀਂ ਭਾਵਨਾਵਾਂ ਦੀ ਪਰਵਾਹ ਨਹੀਂ ਕਰਦੇ।" ਉਨ੍ਹਾਂ ਕਿਹਾ ਕਿ ਦੁੱਖ ਅਤੇ ਦਰਦ ਸਾਰਿਆਂ ਦੀ ਜ਼ਿੰਦਗੀ ਵਿੱਚ ਆਉਂਦਾ ਹੈ, ਪਰ ਮੁਸ਼ਕਿਲਾਂ ਵਿੱਚੋਂ ਲੰਘ ਕੇ ਹੀ ਇਨਸਾਨ ਬਿਹਤਰ ਬਣਦਾ ਹੈ।