ਬਾਜ਼ਾਰ ਲਈ ਸਭ ਤੋਂ ਵੱਡਾ ਨਕਾਰਾਤਮਕ ਕਾਰਕ ਕੱਚੇ ਤੇਲ ਦੀਆਂ ਕੀਮਤਾਂ 'ਚ ਹੋ ਰਿਹਾ ਵਾਧਾ ਹੈ, ਇਹ 107 ਡਾਲਰ ਤੱਕ ਪਹੁੰਚ ਗਿਆ ਹੈ। ਹੂਥੀ ਅਤੇ ਸਾਊਦੀ ਅਰਬ ਵਿਚਕਾਰ ਤਣਾਅ ਵਧ ਗਿਆ ਹੈ ਅਤੇ ਈਰਾਨ ਵੀ ਤੇਲ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਨਤੀਜੇ ਵਜੋਂ, ਅਕਤੂਬਰ ਵਿੱਚ ਖਾੜੀ ਦੇਸ਼ਾਂ ਤੋਂ ਤੇਲ ਸਪਲਾਈ ਵਿੱਚ ਕਾਫ਼ੀ ਗਿਰਾਵਟ ਆਈ ਹੈ।
30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 32.96 ਅੰਕ ਡਿੱਗ ਕੇ 73,000.82 'ਤੇ ਕਾਰੋਬਾਰ ਕਰਦਾ ਦੇਖਿਆ ਗਿਆ, ਜਦੋਂ ਕਿ 50-ਸ਼ੇਅਰਾਂ ਵਾਲਾ ਐਨਐਸਈ ਨਿਫਟੀ 32.65 ਅੰਕ ਡਿੱਗ ਕੇ 22,688.75 'ਤੇ ਕਾਰੋਬਾਰ ਕੀਤਾ। ਹਾਲਾਂਕਿ ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਬਾਜ਼ਾਰ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਸੈਂਸੈਕਸ 251.89 ਅੰਕ ਭਾਵ 0.34% ਡਿੱਗ ਕੇ 72,781.89 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 11 ਸਟਾਕ ਵਾਧੇ ਨਾਲ ਅਤੇ 19 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਦੂਜੇ ਪਾਸੇ ਨਿਫਟੀ 99.25 ਅੰਕ ਭਾਵ 0.44% ਡਿੱਗ ਕੇ 22,622.70 ਦੇ ਪੱਧਰ 'ਤੇ ਬੰਦ ਹੋਇਆ ਹੈ।
30 ਸੈਂਸੈਕਸ ਕੰਪਨੀਆਂ ਵਿੱਚੋਂ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਸੀਐਲ ਟੈਕ, ਇਨਫੋਸਿਸ, ਕੋਟਕ ਮਹਿੰਦਰਾ ਬੈਂਕ, ਅਲਟਰਾਟੈਕ ਸੀਮੈਂਟ, ਟੈਕ ਮਹਿੰਦਰਾ, ਮਾਰੂਤੀ ਅਤੇ ਐਚਡੀਐਫਸੀ ਬੈਂਕ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ। ਸਨ ਫਾਰਮਾ, ਬਜਾਜ ਫਾਈਨੈਂਸ, ਬਜਾਜ ਫਿਨਸਰਵ, ਲਾਰਸਨ ਐਂਡ ਟੂਬਰੋ, ਪਾਵਰ ਗਰਿੱਡ, ਅਤੇ ਈਟਰਨਲ ਵਿੱਚ ਗਿਰਾਵਟ ਆਈ।
ਗਲੋਬਲ ਬਾਜ਼ਾਰਾਂ ਦਾ ਹਾਲ
ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225, ਚੀਨ ਦਾ ਐਸਐਸਈ ਕੰਪੋਜ਼ਿਟ, ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਏਸ਼ੀਆਈ ਬਾਜ਼ਾਰਾਂ ਵਿੱਚ ਉੱਚ ਪੱਧਰ 'ਤੇ ਕਾਰੋਬਾਰ ਕਰ ਰਹੇ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਹੇਠਾਂ ਬੰਦ ਹੋਇਆ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੀਆਂ ਕੀਮਤਾਂ ਫਿਊਚਰਜ਼ ਟ੍ਰੇਡਿੰਗ ਵਿੱਚ 0.62 ਪ੍ਰਤੀਸ਼ਤ ਵਧ ਕੇ $106.4 ਪ੍ਰਤੀ ਬੈਰਲ ਹੋ ਗਈਆਂ।
ਸਟਾਕ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 1,305.13 ਕਰੋੜ ਦੇ ਸ਼ੁੱਧ ਮੁੱਲ ਦੇ ਸ਼ੇਅਰ ਵੇਚੇ। ਮੰਗਲਵਾਰ ਨੂੰ, ਸੈਂਸੈਕਸ 1,109.10 ਅੰਕ ਜਾਂ 1.54 ਪ੍ਰਤੀਸ਼ਤ ਦੇ ਉਛਾਲ ਨਾਲ ਬੰਦ ਹੋਇਆ ਅਤੇ ਨਿਫਟੀ 358.60 ਅੰਕ ਜਾਂ 1.60 ਪ੍ਰਤੀਸ਼ਤ ਦੇ ਵਾਧੇ ਨਾਲ ਬੰਦ ਹੋਇਆ।