ਖਰੜ (ਪ੍ਰੀਤ ਪੱਤੀ) : ਚੇਅਰਮੈਨ, ਯੂਥ ਡਿਵੈਲਪਮੈਂਟ ਬੋਰਡ ਪੰਜਾਬ ਪਰਮਿੰਦਰ ਸਿੰਘ ਗੋਲਡੀ ਵੱਲੋਂ ਖਰੜ ਹਲਕੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਨ੍ਹਾਂ ਵਿਕਾਸ ਕਾਰਜਾਂ ’ਤੇ ਕੁੱਲ ਲਗਭਗ 1.25 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਸ ਤਹਿਤ ਖਰੜ ਦੇ ਵਾਰਡ ਨੰਬਰ 14 ਵਿੱਚ ਗੁੱਗਾਮਾੜੀ ਰੋਡ ’ਤੇ ਪੇਵਰ ਟਾਈਲਾਂ ਦੀ ਰੀਲੇਇੰਗ ਲਈ 15.16 ਲੱਖ ਰੁਪਏ, ਜਦਕਿ ਵਾਰਡ ਨੰਬਰ 24 ਵਿੱਚ ਸੋਢੀ ਸਵੀਟਸ ਵੱਲ ਜਾਂਦੀ ਗਲੀ ਅਤੇ ਮਾਇਆ ਦੇਵੀ, ਸਵਰਨਜੀਤ ਕੌਰ, ਭੁਪਿੰਦਰ ਸਿੰਘ ਤੇ ਕੁਮਾਰ ਆਸੀ ਦੇ ਘਰਾਂ ਨੇੜੇ ਗਲੀ ਵਿੱਚ ਇੰਟਰਲਾਕਿੰਗ ਪੇਵਰ ਟਾਈਲਾਂ ਅਤੇ ਸਟਾਰਮ ਪਾਈਪ ਦੀ ਰੀਲੇਇੰਗ ਲਈ ਕੁੱਲ 33 ਲੱਖ ਰੁਪਏ ਖਰਚ ਕੀਤੇ ਜਾਣਗੇ।
ਇਸ ਤੋਂ ਇਲਾਵਾ ਵਾਰਡ ਨੰਬਰ 18 ਦੇ ਪਿੰਡ ਖੂਨੀ ਮਾਜਰਾ ਵਿਖੇ ਸਪੋਰਟਸ ਕੰਪਲੈਕਸ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਪ੍ਰਾਜੈਕਟ ’ਤੇ ਲਗਭਗ 77 ਲੱਖ ਰੁਪਏ ਖਰਚ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਲਈ ਬਿਹਤਰ ਖੇਡ ਸਹੂਲਤਾਂ ਯਕੀਨੀ ਬਣਾਉਣ ਲਈ ਮਾਨ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਸਪੋਰਟਸ ਕੰਪਲੈਕਸ
ਖਰੜ ਦੇ ਪਿੰਡ ਖੂਨੀ ਮਾਜਰਾ ਵਿਖੇ ਬਣਨ ਵਾਲੇ ਸਪੋਰਟਸ ਕੰਪਲੈਕਸ ਵਿੱਚ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਲਈ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਵਿੱਚ ਖੇਡ ਮੈਦਾਨ, ਓਪਨ ਜਿਮ, ਬਾਸਕਟਬਾਲ ਗਰਾਊਂਡ, ਰਨਿੰਗ ਅਤੇ ਜੌਗਿੰਗ ਟਰੈਕ, ਵੱਖ-ਵੱਖ ਕਿਸਮ ਦੇ ਓਪਨ ਸਿਟਿੰਗ ਏਰੀਆ, ਵੱਖਰੀ ਪਾਰਕਿੰਗ ਅਤੇ ਪਬਲਿਕ ਟਾਇਲਟ ਸਮੇਤ ਹੋਰ ਲੋੜੀਂਦੀਆਂ ਸਹੂਲਤਾਂ ਉਪਲਬਧ ਹੋਣਗੀਆਂ।
ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ ਅਤੇ ਖੂਨੀ ਮਾਜਰਾ ਵਿਖੇ ਬਣਨ ਵਾਲਾ ਆਧੁਨਿਕ ਸਪੋਰਟਸ ਕੰਪਲੈਕਸ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਵਿੱਚ ਸਹਾਇਕ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਹਲਕਾ ਖਰੜ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਕਾਰਜ ਸਾਧਕ ਅਧਿਕਾਰੀ ਅਸ਼ੋਕ ਪਥਰੀਆ ਸਮੇਤ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼, ਬਲਾਕ ਸਮਿਤੀ ਦੇ ਚੇਅਰਮੈਨ ਰਘੁਬੀਰ ਸਿੰਘ ਮੋਦੀ, ਗੁਰਸ਼ਰਨ ਸਿੰਘ (ਸੰਗਠਨ ਇੰਚਾਰਜ), ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ ਮਾਰਕੀਟ ਕਮੇਟੀ ਖਰੜ), ਰਾਮ ਸਰੂਪ, ਜੁਝਾਰ ਸਿੰਘ (ਬਲਾਕ ਪ੍ਰਧਾਨ), ਮੋਹਨ ਸਿੰਘ, ਏ.ਐੱਮ.ਈ. ਜਤਿੰਦਰ ਸਿੰਘ, ਆਰਕੀਟੈਕਟ ਆਸ਼ੀਸ਼ ਬਾਂਸਲ ਅਤੇ ਹਰਮਿਤ ਸਿੰਘ ਤੋਂ ਇਲਾਵਾ ਪਾਰਟੀ ਆਗੂ, ਵਲੰਟੀਅਰ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਜੂਦ ਰਹੇ।