ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਲੁਧਿਆਣਾ) ਅਤੇ ਆਈ.ਸੀ.ਏ.ਆਰ.-ਅਟਾਰੀ ਜ਼ੋਨ-1 ਦੀ ਸਰਪ੍ਰਸਤੀ ਹੇਠ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ ਦੀ ਯੋਗ ਅਗਵਾਈ ਵਿੱਚ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਿਤੀ 21 ਤੇ 25 ਸਤੰਬਰ, 2026 ਨੂੰ ਕੇ.ਵੀ.ਕੇ ਦੇ ਮਾਡਲ ਕੁਦਰਤੀ ਖੇਤੀ ਫਾਰਮ ਵਿਖੇ ‘ਕੁਦਰਤੀ ਖੇਤੀ’ ਬਾਬਤ ਪੰਜ ਦਿਨਾਂ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 25 ਕ੍ਰਿਸ਼ੀ ਸਖੀਆਂ ਨੇ ਹਿੱਸਾ ਲਿਆ।
ਸਿਖਲਾਈ ਦੌਰਾਨ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ, ਡਾ. ਪ੍ਰਦੀਪ ਕੁਮਾਰ ਨੇ ਪਹੰੁਚੀਆਂ ਕ੍ਰਿਸ਼ੀ ਸਖੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਅੱਜ ਦੇ ਸਮੇਂ ਵਿੱਚ ‘ਕੁਦਰਤੀ ਖੇਤੀ’ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਹਨਾਂ ਨੇ ਦੱਸਿਆ ਕਿ ਕੇ.ਵੀ.ਕੇ. ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜਿਲੇ ਵਿੱਚ ਕੁਦਰਤੀ ਖੇਤੀ ਸਬੰਧੀ ਜਾਗਰੁਕਤਾ ਕੈਂਪ, ਸਿਖਲਾਈ ਅਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਸਿਖਲਾਈ ਦੌਰਾਨ ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਡਾ. ਬਲਜੀਤ ਸਿੰਘ ਨੇ ਕੁਦਰਤੀ ਖੇਤੀ ਦੇ ਜਰੂਰੀ ਨੁਕਤੇ ਤੇ ਪਹਿਲੂਆਂ ਬਾਰੇ ਦੱਸਿਆ। ਉਹਨਾਂ ਨੇ ਕੁਦਰਤੀ ਤਰੀਕਿਆਂ ਨਾਲ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਸਿਖਲਾਈ ਮੌਕੇ ਸਿਖਿਆਰਥੀਆਂ ਨੰੂ ਫਸਲਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਕੁਦਰਤੀ ਰੋਗਨਾਸ਼ੀ ਦਵਾਈਆਂ ਜਿਵਂੇ ਕਿ, ਜੀਵ ਅਮਿ੍ਰਤ, ਬੀਜ਼ ਅਮਿ੍ਰਤ, ਅਤੇ ਬ੍ਰਹਮ ਅਸਤਰ ਬਣਾਉਣ ਦੀ ਵਿਧੀ ਵੀ ਦਰਸ਼ਾਈ ਗਈ।
ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਡਾ. ਰਜਿੰਦਰ ਕੌਰ ਨੇ ਕੁਦਰਤੀ ਖੇਤੀ ਦੁਆਰਾ ਤਿਆਰ ਫਸਲਾਂ, ਫਲ ਅਤੇ ਸਬਜੀਆਂ ਦੀ ਪੌਸ਼ਟਿਕਤਾ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਜੀਵਨ ਵਿੱਚ ਪੌਸ਼ਟਿਕ ਭੋਜਨ ਦੀ ਭੂਮਿਕਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਸਵੈ-ਸਹਾਇਤਾ ਸਮੂਹਾਂ ਨੰੂ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਵੀ ਚਾਨਣਾ ਪਾਇਆ।
ਇਸ ਮੌਕੇ ਤੇ ਸਿਖਿਆਰਥੀਆਂ ਨੂੰ ਊੱਘੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਮਾਡਲ ਫਾਰਮ ਵੀ ਦਿਖਾਏ ਗਏ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਕੁਦਰਤੀ ਖੇਤੀ ਸਾਹਿਤ ਅਤੇ ਸਬਜ਼ੀਆਂ ਦੇ ਬੀਜ ਵੀ ਮੁਹੱਈਆ ਕਰਵਾਏ ਗਏ।
ਅੰਤ ਵਿੱਚ ਸ਼੍ਰੀ ਸੁਰਜੀਤ ਸਿੰਘ ਰਾਏ, ਮਾਸਟਰ ਟਰੇਨਰ (ਕੁਦਰਤੀ ਖੇਤੀ) ਦੁਆਰਾ ਇਸ ਸਿਖਲਾਈ ਵਿੱਚ ਸ਼ਾਮਿਲ ਹੋਈਆਂ ਕ੍ਰਿਸ਼ੀ ਸਖੀਆਂ ਦਾ ਧੰਨਵਾਦ ਕੀਤਾ ਗਿਆ।