ਮੁੰਬਈ : ਮਸ਼ਹੂਰ ਟੀਵੀ ਸੀਰੀਅਲ "ਕੁਮਕੁਮ ਭਾਗਿਆ" ਅਤੇ "ਵਾਗਲੇ ਕੀ ਦੁਨੀਆ" ਵਿੱਚ ਅਦਾਕਾਰੀ ਕਰ ਚੁੱਕੀ ਅਦਾਕਾਰਾ ਸੰਚਿਤਾ ਉਗਾਲੇ ਦੇ ਅਚਾਨਕ ਦੇਹਾਂਤ ਨੇ ਪੂਰੀ ਟੈਲੀਵਿਜ਼ਨ ਇੰਡਸਟਰੀ ਨੂੰ ਸਦਮੇ ਵਿੱਚ ਪਾ ਦਿੱਤਾ ਹੈ। ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਦੇ ਪ੍ਰਧਾਨ ਸੁਰੇਸ਼ ਸ਼ਿਆਮ ਲਾਲ ਗੁਪਤਾ ਨੇ ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸੰਚਿਤਾ ਉਗਾਲੇ ਦੀ ਮੌਤ ਦੀ ਉੱਚ ਪੱਧਰੀ ਜਾਂਚ ਦੇ ਆਦੇਸ਼ ਦੇਣ ਦੀ ਅਪੀਲ ਕੀਤੀ ਹੈ।
AICWA ਨੇ ਮ੍ਰਿਤਕ ਅਤੇ ਉਸਦੇ ਪਰਿਵਾਰ ਨੂੰ ਇਨਸਾਫ਼ ਯਕੀਨੀ ਬਣਾਉਣ ਲਈ ਮਾਮਲੇ ਦੇ ਹਰ ਸੰਭਵ ਪਹਿਲੂ ਦੀ ਡੂੰਘਾਈ ਨਾਲ ਜਾਂਚ ਦੀ ਬੇਨਤੀ ਕੀਤੀ ਹੈ। ਐਸੋਸੀਏਸ਼ਨ ਦੁਆਰਾ ਸਾਂਝੇ ਕੀਤੇ ਗਏ ਇੱਕ ਅਧਿਕਾਰਤ ਬਿਆਨ ਵਿੱਚ ਲਿਖਿਆ ਹੈ, "ਉਸਦੀ ਬੇਵਕਤੀ ਮੌਤ ਨੇ ਉਸਦੇ ਪਰਿਵਾਰ ਨੂੰ ਤੋੜ ਦਿੱਤਾ ਹੈ ਅਤੇ ਪੂਰਾ ਭਾਰਤੀ ਫਿਲਮ ਇੰਡਸਟਰੀ ਇੱਕ ਨੌਜਵਾਨ ਪ੍ਰਤਿਭਾ ਦੇ ਇਸ ਦੁਨੀਆ ਤੋਂ ਜਾਣ ਦਾ ਸੋਗ ਮਨਾ ਰਹੀ ਹੈ, ਜਿਸਦੀਆਂ ਯਾਦਾਂ ਹਮੇਸ਼ਾ ਬਣੀਆਂ ਰਹਿਣਗੀਆਂ। ਹਰ ਜਾਨ ਕੀਮਤੀ ਹੈ। ਇਸ ਦੁਖਦਾਈ ਘਟਨਾ ਦੇ ਪਿੱਛੇ ਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ, ਅਤੇ ਸੰਚਿਤਾ ਉਗਾਲੇ ਦਾ ਪਰਿਵਾਰ ਇੱਕ ਨਿਰਪੱਖ, ਪੂਰੀ ਜਾਂਚ ਦਾ ਹੱਕਦਾਰ ਹੈ।"
AICWA ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਕਸਰ ਨਾ ਛੱਡਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਮਾਮਲੇ ਦੇ ਸਾਰੇ ਪਹਿਲੂਆਂ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਹੋਵੇ। AICWA ਨੇ ਮਹਾਰਾਸ਼ਟਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੂੰ ਮਨੋਰੰਜਨ ਉਦਯੋਗ ਦੇ ਅੰਦਰ ਵਧਦੀਆਂ ਮੌਤਾਂ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਸੰਕਟਾਂ ਦੀ ਜਾਂਚ ਕਰਨ ਲਈ ਇੱਕ ਸਮਰਪਿਤ ਕਮੇਟੀ ਸਥਾਪਤ ਕਰਨ ਦੀ ਵੀ ਅਪੀਲ ਕੀਤੀ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਕਲਾਕਾਰਾਂ ਲਈ ਉਪਲਬਧ ਸੁਰੱਖਿਆ, ਭਲਾਈ ਅਤੇ ਸਪੋਰਟ ਸਿਸਟਮ ਦੀ ਸਮੀਖਿਆ ਕਰਨ ਲਈ ਵੀ ਕਿਹਾ ਹੈ। ਬਿਆਨ ਵਿਚ ਕਿਹਾ ਗਿਆ, "ਹਾਲ ਹੀ ਦੇ ਸਾਲਾਂ ਵਿੱਚ, ਭਾਰਤੀ ਮਨੋਰੰਜਨ ਇੰਡਸਟਰੀ ਵਿੱਚ ਕਈ ਮੌਤਾਂ ਅਤੇ ਕਥਿਤ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਕਈ ਮਾਮਲਿਆਂ ਵਿੱਚ, ਪਰਿਵਾਰਕ ਮੈਂਬਰਾਂ, ਸਹਿਯੋਗੀਆਂ ਅਤੇ ਜਨਤਾ ਦੁਆਰਾ ਉਠਾਏ ਗਏ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ। ਇਸ ਲਈ, ਇਹ ਜ਼ਰੂਰੀ ਹੈ ਕਿ ਜਾਂਚਕਰਤਾ ਇਸ ਮਾਮਲੇ ਵਿੱਚ ਸਾਰੇ ਉਪਲਬਧ ਸਬੂਤਾਂ, ਹਾਲਾਤਾਂ ਅਤੇ ਸੰਭਾਵਿਤ ਪਹਿਲੂਆਂ ਦੀ ਪੂਰੀ ਪਾਰਦਰਸ਼ਤਾ ਨਾਲ ਜਾਂਚ ਕਰਨ।"
ਪੁਲਸ ਰਿਪੋਰਟਾਂ ਦੇ ਅਨੁਸਾਰ, ਸੰਚਿਤਾ ਉਗਾਲੇ ਨੇ ਮੁੰਬਈ ਦੇ ਨਾਲਾਸੋਪਾਰਾ ਈਸਟ ਵਿੱਚ ਸਾਈ ਸੰਤੋਸ਼ੀ ਬਿਲਡਿੰਗ ਵਿੱਚ 14 ਜੂਨ ਦੀ ਸ਼ਾਮ 7:00 ਵਜੇ ਤੋਂ 7:30 ਵਜੇ ਦੇ ਵਿਚਕਾਰ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ। ਜਿਸ ਸਮੇਂ ਸੰਚਿਤਾ ਨੇ ਇਹ ਕਦਮ ਚੁੱਕਿਆ ਉਹ ਘਰ ਵਿਚ ਇਕੱਲੀ ਸੀ। ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਸੰਚਿਤਾ ਨੂੰ ਲੈ ਕੇ ਨਿੱਜੀ ਹਸਪਤਾਲ ਗਏ, ਜਿੱਥੇ ਡਾਕਟਰਾਂ ਨੇ ਉਸ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਸਚਿੰਤਾ ਹਿੱਟ ਡੇਲੀ ਸੋਪ ਕੁਮਕੁਮ ਭਾਗਿਆ, ਸਾਜਨ ਘਰ, ਦਿਲਵਾਲੀ ਦੁਲਹਾ ਲੇ ਜਾਏਗੀ ਅਤੇ ਵਿੱਕੀ ਕੌਸ਼ਲ ਦੀ ਫਿਲਮ 'ਛਾਵਾ' ਵਿੱਚ ਵੀ ਨਜ਼ਰ ਆ ਚੁੱਕੀ ਸੀ। ਇਸ ਤੋਂ ਇਲਾਵਾ ਉਹ ਮਸ਼ਹੂਰ ਅਦਾਕਾਰ ਮਨੋਜ ਬਾਜਪਾਈ ਨਾਲ "ਸਾਈਲੈਂਸ 2: ਦਿ ਨਾਈਟ ਆਊਲ ਬਾਰ ਸ਼ੂਟਆਊਟ" ਵਿੱਚ ਵੀ ਨਜ਼ਰ ਆਈ ਸੀ।