ਐਸ.ਬੀ.ਐਸ. ਨਗਰ (ਮਨੋਰੰਜਨ ਕਾਲੀਆ) : ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀ ਜਗਰੂਪ ਸਿੰਘ ਜੀ ਦੀ ਨਿਗਰਾਨੀ ਹੇਠ ਪੋਸ਼ਣ ਮਾਹ ਸਬੰਧੀ ਆਂਗਣਵਾੜੀ ਕੇਂਦਰਾਂ ਵਿੱਚ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸਹੀ ਪੋਸ਼ਣ, ਸਫ਼ਾਈ ਅਤੇ ਸਿਹਤਮੰਦ ਜੀਵਨ ਸ਼ੈਲੀ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਨੂੰ ਪੋਸ਼ਣ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ, ਸਾਫ਼-ਸਫ਼ਾਈ, ਹੱਥ ਧੋਣ ਦੀ ਸਹੀ ਵਿਧੀ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਾਪਿਆਂ ਨੂੰ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਉਨ੍ਹਾਂ ਦੀ ਉਮਰ ਅਨੁਸਾਰ ਲੋੜੀਂਦੀ ਪੌਸ਼ਟਿਕ ਖੁਰਾਕ ਦੇਣ ਅਤੇ ਖਾਣ-ਪੀਣ ਸਬੰਧੀ ਚੰਗੀਆਂ ਆਦਤਾਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਪੋਸ਼ਣ ਸਬੰਧੀ ਜਾਣਕਾਰੀ ਨੂੰ ਰੁਚੀਕਰ ਅਤੇ ਸਰਲ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਛੋਟੀ ਉਮਰ ਤੋਂ ਹੀ ਸਿਹਤਮੰਦ ਆਦਤਾਂ ਅਪਣਾਉਣ। ਇਸ ਤੋਂ ਇਲਾਵਾ ਗਰਭਵਤੀ ਔਰਤਾਂ, ਦੁੱਧ ਪਿਆਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਉਮਰ ਅਨੁਸਾਰ ਬੱਚਿਆਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਦੇਣ, ਸਥਾਨਕ ਪੱਧਰ ’ਤੇ ਉਪਲਬਧ ਪੌਸ਼ਟਿਕ ਖਾਧ ਪਦਾਰਥਾਂ ਦੀ ਵਰਤੋਂ ਕਰਨ ਅਤੇ ਬੱਚਿਆਂ ਦੀ ਸਿਹਤ ਤੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਆਂਗਣਵਾੜੀ ਵਰਕਰਾਂ ਵੱਲੋਂ ਪੋਸ਼ਣ ਨੂੰ ਸਿਰਫ਼ ਬਾਲ ਵਿਕਾਸ ਨਾਲ ਹੀ ਨਹੀਂ, ਸਗੋਂ ਪੂਰੇ ਪਰਿਵਾਰ ਦੀ ਸਿਹਤ ਨਾਲ ਜੋੜਦਿਆਂ ਲੋਕਾਂ ਨੂੰ ਪੋਸ਼ਣ ਸਬੰਧੀ ਸਹੀ ਅਤੇ ਲਾਭਦਾਇਕ ਜਾਣਕਾਰੀ ਦਿੱਤੀ ਜਾ ਰਹੀ ਹੈ। ਆਂਗਣਵਾੜੀ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਛੋਟੀ ਉਮਰ ਤੋਂ ਹੀ ਸਿਹਤਮੰਦ ਖਾਣ-ਪੀਣ ਅਤੇ ਸਫ਼ਾਈ ਦੀਆਂ ਚੰਗੀਆਂ ਆਦਤਾਂ ਵਿਕਸਿਤ ਕਰਨਾ ਹੈ।
ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਸਹੀ ਪੋਸ਼ਣ ਬਹੁਤ ਜ਼ਰੂਰੀ ਹੈ। ਇਸ ਸਬੰਧੀ ਜਾਗਰੂਕਤਾ ਦਾ ਸੰਦੇਸ਼ ਘਰ ਅਤੇ ਆਂਗਣਵਾੜੀ ਕੇਂਦਰ ਦੋਵਾਂ ਪੱਧਰਾਂ ’ਤੇ ਲਗਾਤਾਰ ਪਹੁੰਚਾਉਣਾ ਮਹੱਤਵਪੂਰਨ ਹੈ। ਇਸ ਲਈ ਆਂਗਣਵਾੜੀ ਵਰਕਰਾਂ ਨੂੰ ਪੋਸ਼ਣ ਮਾਹ ਤਹਿਤ ਵੱਧ ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਅਤੇ ਪੋਸ਼ਣ ਦਾ ਸੰਦੇਸ਼ ਵੱਧ ਤੋਂ ਵੱਧ ਪਰਿਵਾਰਾਂ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ।