ਜਲੰਧਰ : ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਅਧੀਨ ਦਰਜ ਹੋਏ ਇਕ ਪੁਰਾਣੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਈ. ਡੀ. ਅੱਗੇ ਪੇਸ਼ ਹੋ ਸਕਦੇ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਅਧੀਨ ਦਰਜ ਹੋਏ ਇਕ ਪੁਰਾਣੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਸਾਹਮਣੇ ਅੱਜ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ ।
ਦੱਸਿਆ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਈ. ਡੀ. ਵੱਲੋਂ ਕਰੀਬ 3 ਦਿਨ ਪਹਿਲਾਂ ਸੰਮਨ ਜਾਰੀ ਕੀਤੀ ਗਿਆ ਸੀ ।
ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨਿਸ਼ਚਿਤ ਤਾਰੀਖ਼ ’ਤੇ ਈ. ਡੀ. ਦੇ ਸਾਹਮਣੇ ਪੇਸ਼ ਨਹੀਂ ਹੋ ਸਕਣਗੇ। ਜਾਣਕਾਰੀ ਅਨੁਸਾਰ, ਕੈਪਟਨ ਇਸ ਸਮੇਂ ਮੋਹਾਲੀ ਦੇ ਇਕ ਹਸਪਤਾਲ 'ਚ ਨਿੱਜੀ ਹਸਪਤਾਲ ਵਿਚ ਦਾਖ਼ਲ ਹਨ, ਜਿੱਥੇ ਉਨ੍ਹਾਂ ਦੇ ਗੋਡੇ ਬਦਲਣ ਦੀ ਸਰਜਰੀ ਹੋਈ ਹੈ ਅਤੇ ਉਹ ਫਿਲਹਾਲ ਸਿਹਤ ਲਾਭ ਲੈ ਰਹੇ ਹਨ। ਡਾਕਟਰਾਂ ਦੀ ਸਲਾਹ ਕਾਰਨ ਉਨ੍ਹਾਂ ਲਈ ਯਾਤਰਾ ਕਰਨਾ ਸੰਭਵ ਨਹੀਂ ਹੈ।
ਬੇਟੇ ਰਣਇੰਦਰ ਸਿੰਘ ਨਾਲ ਜੁੜੇ ਟਰੱਸਟ ਨਾਲ ਸਬੰਧਤ ਹੈ ਮਾਮਲਾ
ਸੂਤਰਾਂ ਅਨੁਸਾਰ ਇਹ ਫੇਮਾ ਮਾਮਲਾ ਕਥਿਤ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨਾਲ ਜੁੜੇ ਇਕ ਟਰੱਸਟ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਈ. ਡੀ. ਇਸ ਮਾਮਲੇ ਵਿਚ ਲੰਬੇ ਸਮੇਂ ਤੋਂ ਜਾਂਚ ਕਰ ਰਹੀ ਹੈ ਅਤੇ ਸੰਮਨ ਉਸੇ ਜਾਂਚ ਪ੍ਰਕਿਰਿਆ ਦਾ ਹਿੱਸਾ ਹੈ।
ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ
ਈ. ਡੀ. ਦੀ ਇਸ ਕਾਰਵਾਈ ਨਾਲ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ ਇਕ ਵਾਰ ਫਿਰ ਹਲਚਲ ਮਚ ਗਈ ਹੈ। ਕੈਪਟਨ ਅਮਰਿੰਦਰ ਸਿੰਘ ਮੌਜੂਦਾ ਸਮੇਂ ਵਿਚ ਭਾਜਪਾ ਦੇ ਸੀਨੀਅਰ ਆਗੂ ਹਨ ਅਤੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ, ਅਜਿਹੇ ਵਿਚ ਇਸ ਕਾਰਵਾਈ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੰਮਨ ਦਾ ਸਮਾਂ ਸੂਬੇ ਦੇ ਬਦਲਦੇ ਸਿਆਸੀ ਸਮੀਕਰਨਾਂ ਵਿਚ ਇਕ ਨਵਾਂ ਮੋੜ ਸਾਬਤ ਹੋ ਸਕਦਾ ਹੈ।
ਹਾਲ ਹੀ ਵਿਚ ਹੋਏ ਸਨ ਮੁੜ ਸਰਗਰਮ
ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੱਕ ਰਾਜਨੀਤੀ ਵਿਚ ਘੱਟ ਸਰਗਰਮ ਰਹਿਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਪਿਛਲੇ ਮਹੀਨੇ ਤੋਂ ਫਿਰ ਤੋਂ ਸਿਆਸੀ ਤੌਰ ’ਤੇ ਸਰਗਰਮ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਹਾਲ ਹੀ ਵਿਚ ਅਕਾਲੀ ਦਲ-ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ, ਭਾਜਪਾ ਹਾਈਕਮਾਂਡ ਦੀ ਕਾਰਜਸ਼ੈਲੀ ਅਤੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਕਈ ਮੀਡੀਆ ਇੰਟਰਵਿਊ ਦਿੱਤੇ ਸਨ।