ਅੰਮ੍ਰਿਤਸਰ : ਅੰਮ੍ਰਿਤਸਰ ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ 'ਤੇ ਚੱਲ ਰਹੇ ਸੁੰਦਰਿਕਰਨ ਅਤੇ ਨਿਰਮਾਣ ਕਾਰਜ ਅਗਲੇ 6 ਮਹੀਨਿਆਂ ਤੱਕ ਜਾਰੀ ਰਹਿਣਗੇ। ਇਸ ਦੌਰਾਨ ਕੋਈ ਵੀ ਉਡਾਣ ਰੱਦ ਨਹੀਂ ਕੀਤੀ ਜਾਵੇਗੀ ਅਤੇ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਹ ਕੰਮ 27 ਸਤੰਬਰ 2026 ਤੱਕ ਚੱਲਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏਅਰਪੋਰਟ ਡਾਇਰੈਕਟਰ ਭੂਪੇਂਦਰ ਸਿੰਘ ਅਤੇ ਸੀਨੀਅਰ ਮੈਨੇਜਰ ਨਿਧੀ ਵਰਮਾ ਨੇ ਦੱਸਿਆ ਕਿ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਕੀਤਾ ਜਾਵੇਗਾ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਸਮੇਂ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਇਸ ਬਾਰੇ ਯਾਤਰੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਏਅਰਪੋਰਟ ਅਧਿਕਾਰੀਆਂ ਮੁਤਾਬਕ ਏਅਰਲਾਈਨ ਕੰਪਨੀਆਂ ਦਾ ਸਟਾਫ ਲਗਾਤਾਰ ਯਾਤਰੀਆਂ ਨਾਲ ਸੰਪਰਕ ਵਿੱਚ ਰਹੇਗਾ ਅਤੇ ਉਨ੍ਹਾਂ ਨੂੰ ਉਡਾਣਾਂ ਦੇ ਸਮੇਂ ਅਤੇ ਸੰਭਾਵਿਤ ਦੇਰੀ ਬਾਰੇ ਨਿਯਮਾਂ ਅਨੁਸਾਰ ਅਪਡੇਟ ਕਰਦਾ ਰਹੇਗਾ।