ਬਠਿੰਡਾ : ਕੰਚਨ ਕੁਮਾਰੀ ਉਰਫ਼ ਭਾਬੀ ਕਮਲ ਕੌਰ ਕਤਲ ਮਾਮਲੇ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋਂ ਨੂੰ ਪੇਟ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਬੁੱਧਵਾਰ ਨੂੰ ਪੁਲਸ ਸੁਰੱਖਿਆ ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਹਸਪਤਾਲ 'ਚ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਗਈ ਅਤੇ ਅਲਟਰਾ ਸਾਊਂਡ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਮਹਿਰੋਂ ਵੱਲੋਂ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ ਜਾ ਰਹੀ ਸੀ। ਇਸ ਦੇ ਚੱਲਦਿਆਂ ਉਸ ਦੇ ਵਕੀਲ ਮਨਪ੍ਰੀਤ ਗੜ੍ਹ ਨੇ ਅਦਾਲਤ ਨੂੰ ਪੱਤਰ ਦੇ ਕੇ ਅੰਮ੍ਰਿਤਪਾਲ ਦਾ ਸਿਵਲ ਹਸਪਤਾਲ 'ਚ ਮੈਡੀਕਲ ਚੈੱਕਅਪ ਅਤੇ ਲੋੜੀਂਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਅਦਾਲਤ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ।
ਵਕੀਲ ਮਨਪ੍ਰੀਤ ਗੜ੍ਹ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਪੇਟ 'ਚ ਦਰਦ ਦੀ ਸ਼ਿਕਾਇਤ ਸੀ। ਡਾਕਟਰਾਂ ਵੱਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਉਸ ਦੀਆਂ ਦੋਵੇਂ ਕਿਡਨੀਆਂ 'ਚ ਪੱਥਰੀ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਡਾਕਟਰਾਂ ਨੇ ਸਥਿਤੀ ਨੂੰ ਹੋਰ ਸਪੱਸ਼ਟ ਕਰਨ ਲਈ ਅਲਟਰਾ ਸਾਊਂਡ ਕਰਵਾਉਣ ਦੀ ਸਲਾਹ ਦਿੱਤੀ ਹੈ। ਹੁਣ ਅਲਟਰਾ ਸਾਊਂਡ ਅਤੇ ਹੋਰ ਮੈਡੀਕਲ ਰਿਪੋਰਟਾਂ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਅੰਮ੍ਰਿਤਪਾਲ ਮਹਿਰੋਂ ਨੂੰ ਅੱਗੇ ਇਲਾਜ ਲਈ ਹਸਪਤਾਲ 'ਚ ਰੱਖਿਆ ਜਾਂਦਾ ਹੈ ਜਾਂ ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਵਾਪਸ ਜੇਲ੍ਹ ਭੇਜਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੰਚਨ ਭਾਬੀ ਕਤਲ ਮਾਮਲਾ ਪਿਛਲੇ ਸਮੇਂ ਤੋਂ ਚਰਚਾ 'ਚ ਹੈ ਅਤੇ ਮਾਮਲੇ 'ਚ ਅੰਮ੍ਰਿਤਪਾਲ ਮਹਿਰੋਂ ਸਮੇਤ ਹੋਰ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਅਦਾਲਤੀ ਕਾਰਵਾਈ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਹੁਣ ਅਗਲਾ ਕਦਮ ਤੈਅ ਹੋਵੇਗਾ।