ਨਵੀਂ ਦਿੱਲੀ : ਅਮਰੀਕਾ ਨਾਲ ਮਿਡਲ ਈਸਟ 'ਚ ਜੰਗ ਵਿਚਾਲੇ ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਪਹੁੰਚ ਗਏ ਹਨ। ਉਹ ਭਾਰਤ ਦੀ ਮੇਜ਼ਬਾਨੀ 'ਚ ਹੋ ਰਹੇ ਦੋ-ਦਿਨਾ 'ਬ੍ਰਿਕਸ (BRICS) ਸਿਖਰ ਸੰਮੇਲਨ' ਵਿੱਚ ਹਿੱਸਾ ਲੈਣ ਦੇ ਨਾਲ-ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਵਪਾਰ ਅਤੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਅਹਿਮ ਬੈਠਕ ਕਰਨਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਪੇਜ਼ੇਸ਼ਕੀਅਨ ਦਾ ਇਹ ਪਹਿਲਾ ਭਾਰਤ ਦੌਰਾ ਹੈ।
ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਪੇਜ਼ੇਸ਼ਕੀਅਨ ਨੇ ਕਿਹਾ ਕਿ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੂੰ ਆਪਣੀ ਆਰਥਿਕ ਮਜ਼ਬੂਤੀ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਬ੍ਰਿਕਸ ਦਾ ਨਵਾਂ ਬੈਂਕ (NDB) ਅਮਰੀਕੀ ਡਾਲਰ 'ਤੇਨਿਰਭਰਤਾ ਘਟਾਉਣ ਅਤੇ ਅਮਰੀਕਾ ਦੇ ਆਰਥਿਕ ਦਬਾਅ ਦਾ ਮੁਕਾਬਲਾ ਕਰਨ ਲਈ ਬਣਾਇਆ ਗਿਆ ਸੀ।"
ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਇਸ ਸਿਖਰ ਸੰਮੇਲਨ 'ਚ ਭੋਜਨ, ਊਰਜਾ, ਸਿਹਤ, ਆਫ਼ਤ ਪ੍ਰਬੰਧਨ ਅਤੇ ਨਾਜ਼ੁਕ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਹੋਵੇਗੀ। ਇਸੇ ਦੌਰਾਨ ਭਾਰਤ ਦੀ ਕੋਸ਼ਿਸ਼ ਹੈ ਕਿ ਮੌਜੂਦਾ ਭੂ-ਰਾਜਨੀਤਿਕ ਤਣਾਅ ਨਾਲ ਨਜਿੱਠਣ ਲਈ BRICS ਦੁਨੀਆ ਭਰ 'ਚ ਇੱਕ ਪ੍ਰਭਾਵਸ਼ਾਲੀ ਮੰਚ ਵਜੋਂ ਉੱਭਰੇ।
ਜ਼ਿਕਰਯੋਗ ਹੈ ਕਿ ਇਹ ਸੰਮੇਲਨ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕਾ-ਇਰਾਨ ਅਤੇ ਰੂਸ ਯੂਕ੍ਰੇਨ ਵਿਚਾਲੇ ਜੰਗ ਛਿੜੀ ਹੋਈ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖ਼ਤ ਵਪਾਰਕ ਨੀਤੀਆਂ ਕਾਰਨ ਪੂਰੀ ਦੁਨੀਆ ਦੀ ਆਰਥਿਕਤਾ ਡਗਮਗਾ ਗਈ ਹੈ ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਸੰਮੇਲਨ 'ਚ ਅਮਰੀਕਾ ਅਤੇ ਅਮਰੀਕੀ ਡਾਲਰ 'ਤੇ ਨਿਰਭਰਤਾ ਨੂੰ ਘਟਾਉਣ ਸਣੇ ਆਪਸੀ ਸਹਿਯੋਗ ਅਤੇ ਆਪਸੀ ਵਪਾਰ ਨੂੰ ਹੋਰ ਵਧਾਉਣ ਬਾਰੇ ਚਰਚਾ ਹੋਵੇਗੀ।