ਮੁੰਬਈ : ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' ਨੂੰ ਰਿਲੀਜ਼ ਹੋਣ ਤੋਂ 2 ਦਿਨ ਬਾਅਦ ਹੀ ਸਟ੍ਰੀਮਿੰਗ ਪਲੇਟਫਾਰਮ ZEE5 ਤੋਂ ਹਟਾ ਦਿੱਤਾ ਗਿਆ ਹੈ, ਜਿਸ ਨਾਲ ਮਸ਼ਹੂਰ ਹਸਤੀਆਂ ਅਤੇ ਸਿਆਸਤਦਾਨਾਂ ਵੱਲੋਂ ਵਿਆਪਕ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਇਕ ਵੀਡੀਓ ਜਾਰੀ ਕਰਕੇ ਦਿਲਜੀਤ ਦੋਸਾਂਝ ਅਤੇ 'ਸਤਲੁਜ' ਦੀ ਟੀਮ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਬਣੀ ਇਸ ਫਿਲਮ ਦੀ ਤਾਰੀਫ ਕੀਤੀ ਹੈ।
ਗਾਇਕ ਨੇ ਦੱਸਿਆ ਕਿ ਜਦੋਂ ਤੋਂ ਇਹ ਫਿਲਮ (ਜਿਸਦਾ ਪਹਿਲਾ ਨਾਮ 'Punjab 95' ਸੀ) ਰਿਲੀਜ਼ ਹੋਈ ਹੈ, ਉਦੋਂ ਤੋਂ ਹੀ ਮੀਡੀਆ ਜਗਤ ਵਿੱਚ ਇਸਦੀ ਕਾਫੀ ਚਰਚਾ ਹੈ। ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਵਿਸ਼ਾ ਚੁਣ ਕੇ ਇਨਸਾਨੀਅਤ ਦੇ ਹਿੱਤ ਦੀ ਗੱਲ ਕੀਤੀ ਹੈ। ਅਜਿਹੀ ਫਿਲਮ ਬਣਾਉਣ ਲਈ ਬਹੁਤ ਹੌਸਲੇ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਦੌਸਾਂਝ ਨੂੰ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਣ ਲਈ ਵੀ ਵਧਾਈ ਦਿੱਤੀ।
ਜਸਬੀਰ ਜੱਸੀ ਨੇ ਫਿਲਮ ਦਾ ਵਿਰੋਧ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਕੋਈ ਆਮ ਵਿਵਾਦਤ ਮੁੱਦਾ ਨਹੀਂ, ਬਲਕਿ ਇਨਸਾਨੀਅਤ ਦਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਨਿਰਦੇਸ਼ਕ ਹਨੀ ਤਰੇਹਨ ਨੇ ਇਸ ਵਿਸ਼ੇ ਨੂੰ ਚੁਣ ਕੇ ਬਹੁਤ ਹੀ ਦਲੇਰੀ ਵਾਲਾ ਕੰਮ ਕੀਤਾ ਹੈ ਅਤੇ ਉਹ ਪ੍ਰਸ਼ੰਸਾ ਦੇ ਹੱਕਦਾਰ ਹਨ।
ਉਨ੍ਹਾਂ ਦੱਸਿਆ ਕਿ ਉਹ ਇਸ ਸਮੇਂ ਅਮਰੀਕਾ ਵਿੱਚ ਹਨ ਅਤੇ ਉੱਥੇ ਵੀ ਲੋਕਾਂ ਵਿੱਚ ਇਸ ਫਿਲਮ ਨੂੰ ਲੈ ਕੇ ਭਾਰੀ ਚਰਚਾ ਹੈ। ਜੱਸੀ ਨੇ ਸੋਸ਼ਲ ਮੀਡੀਆ ਕੈਪਸ਼ਨ ਵਿੱਚ ਲਿਖਿਆ: "ਏਦਾਂ ਦੀਆਂ ਮੂਵੀਜ਼ ਤੇ ਗੀਤ ਬਣਾਉਣ ਲਈ ਪੰਜਾਬੀ ਜਿਗਰਾ ਚਾਹੀਦਾ ਹੈ, ਸ਼ਾਬਾਸ਼ੀ ਬਣਦੀ ਆ ਹਨੀ ਤ੍ਰੇਹਨ ਭਾਜੀ, ਦਿਲਜੀਤ ਦੋਸਾਂਝ ਵੀਰ ਅਤੇ ਟੀਮ।"
ਹਨੀ ਤ੍ਰੇਹਨ ਦੁਆਰਾ ਨਿਰਦੇਸ਼ਿਤ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਇੱਕ ਬਾਇਓਗ੍ਰਾਫੀਕਲ ਡਰਾਮਾ ਹੈ। ਇਸ ਵਿੱਚ 1990 ਦੇ ਦਹਾਕੇ ਦੇ ਸ਼ੁਰੂਆਤੀ ਪੰਜਾਬ ਸੰਕਟ ਦੌਰਾਨ ਹੋਈਆਂ ਕਥਿਤ ਗੈਰ-ਕਾਨੂੰਨੀ ਹੱਤਿਆਵਾਂ ਅਤੇ ਲਾਪਤਾ ਲੋਕਾਂ ਦੇ ਮਾਮਲਿਆਂ ਦੀ ਜਾਂਚ ਨੂੰ ਦਿਖਾਇਆ ਗਿਆ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲਿਆਨ ਮੁੱਖ ਭੂਮਿਕਾਵਾਂ ਵਿੱਚ ਹਨ।